ਬੀਹਲਾ ਸਬ ਸੈਂਟਰ ’ਚ ਡਾਕਟਰਾਂ ਦੀ ਘਾਟ ’ਤੇ ਫੁੱਟਿਆ ਲੋਕਾਂ ਦਾ ਗੁੱਸਾ
ਬੀਹਲਾ ਸਬ ਸੈਂਟਰ ’ਚ ਡਾਕਟਰਾਂ ਦੀ ਘਾਟ ’ਤੇ ਫੁੱਟਿਆ ਲੋਕਾਂ ਦਾ ਗੁੱਸਾ
Publish Date: Sat, 14 Feb 2026 04:24 PM (IST)
Updated Date: Sun, 15 Feb 2026 04:01 AM (IST)

::ਮੁਹੱਲਾ ਕਲੀਨਿਕ ਬਣਾਉਣ, ਲੈਬ ਤੇ ਸਟਾਫ਼ ਦੀ ਭਰਤੀ ਦੀ ਮੰਗ — ਨਾ ਮੰਨੀ ਤਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬੀਹਲਾ ’ਚ ਸਿਹਤ ਸਹੂਲਤਾਂ ਦੀ ਖਸਤਾਹਾਲੀ ਖ਼ਿਲਾਫ਼ ਲੋਕਾਂ ਦਾ ਗੁੱਸਾ ਸੜਕਾਂ ’ਤੇ ਨਜ਼ਰ ਆਇਆ। ਭਾਈ ਲਾਲੋ ਪੰਜਾਬੀ ਮੰਚ ਦੇ ਸੀਨੀਅਰ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਬ ਸੈਂਟਰ ’ਚ ਸਪੈਸ਼ਲਿਸਟ ਡਾਕਟਰਾਂ ਤੇ ਸਹਾਇਕ ਸਟਾਫ਼ ਦੀ ਲੰਬੇ ਸਮੇਂ ਤੋਂ ਚੱਲ ਰਹੀ ਭਾਰੀ ਘਾਟ ਵਿਰੁੱਧ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਤੁਰੰਤ ਅਸਾਮੀਆਂ ਭਰਨ ਦੀ ਮੰਗ ਉਠਾਈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਵਧੀਆ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਪੇਂਡੂ ਹਕੀਕਤ ਇਸ ਤੋਂ ਉਲਟ ਹੈ। ਡਾਕਟਰਾਂ ਤੇ ਸਟਾਫ਼ ਦੀ ਕਮੀ ਕਾਰਨ ਮਰੀਜ਼ਾਂ ਨੂੰ ਮਜ਼ਬੂਰੀ ’ਚ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਨਾਲ ਲੋੜਵੰਦ ਪਰਿਵਾਰਾਂ ’ਤੇ ਵੱਡਾ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 6 ਸਾਲਾਂ ਤੋਂ ਬੀਹਲਾ ਸਬ ਸੈਂਟਰ ’ਚ ਅਹਿਮ ਅਸਾਮੀਆਂ ਖਾਲੀ ਪਈਆਂ ਹਨ ਤੇ ਛੋਟੀ ਬਿਮਾਰੀ ਤੋਂ ਲੈ ਕੇ ਗੰਭੀਰ ਇਲਾਜ ਤਕ ਲਈ ਲੋਕਾਂ ਨੂੰ ਦੂਰ ਦਰਾਜ਼ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਦਾ ਇਹ ਸੈਂਟਰ ਅੱਜ ਖਸਤਾਹਾਲ ਬਿਲਡਿੰਗ, ਟੈਸਟ ਲੈਬ ਦੀ ਗੈਰਹਾਜ਼ਰੀ ਤੇ ਪੀਣ ਵਾਲੇ ਪਾਣੀ ਦੇ ਢੁਕਵੇਂ ਪ੍ਰਬੰਧ ਤੋਂ ਵੀ ਵਾਂਝਾ ਹੈ। ਲਗਭਗ 5 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਲਈ ਇਹ ਹਾਲਤ ਬਹੁਤ ਗੰਭੀਰ ਹੈ, ਇਸ ਲਈ ਸਬ ਸੈਂਟਰ ਨੂੰ ਅਪਗ੍ਰੇਡ ਕਰ ਕੇ ਮੁਹੱਲਾ ਕਲੀਨਿਕ ਬਣਾਇਆ ਜਾਵੇ, ਲੈਬ ਟੈਸਟਾਂ ਦੀ ਸਹੂਲਤ ਦਿੱਤੀ ਜਾਵੇ ਤੇ ਡਾਕਟਰਾਂ ਸਮੇਤ ਪੂਰਾ ਸਟਾਫ ਤਾਇਨਾਤ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਜ ਲਈ ਉਨ੍ਹਾਂ ਨੂੰ ਬਰਨਾਲਾ ਤੇ ਫ਼ਰੀਦਕੋਟ ਦੇ ਹਸਪਤਾਲਾਂ ’ਚ ਜਾਣਾ ਪੈਂਦਾ ਹੈ। ਜਥੇਬੰਦੀ ਵੱਲੋਂ ਕਈ ਵਾਰ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਕੋਈ ਹੱਲ ਨਹੀਂ ਨਿਕਲਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ’ਚ ਕੱਢੇ ਜਾਣ ਵਾਲੇ ਰੋਸ ਮਾਰਚ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਸਰਬਜੀਤ ਕੌਰ ਬੀਹਲਾ ਅਤੇ ਸਾਬਕਾ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਉੱਚ ਅਧਿਕਾਰੀਆਂ ਕੋਲੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕਲੀਨਿਕ ਬਣਨ ਨਾਲ ਬੀਹਲਾ ਨਾਲ ਲੱਗਦੇ ਪਿੰਡ ਗਹਿਲ, ਨਰਾਇਣਗੜ੍ਹ, ਸੋਹੀਆ, ਦੀਵਾਨਾ ਅਤੇ ਬੀਹਲਾ ਖੁਰਦ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਧਰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਿੰਡ ਬੀਹਲਾ ’ਚ ਆਮ ਆਦਮੀ ਕਲੀਨਿਕ ਬਣਾਉਣ ਸਬੰਧੀ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ।ਇਸ ਮੌਕੇ ਭੋਲਾ ਸਿੰਘ ਬੀਹਲਾ, ਗਿਆਨੀ ਸੁਰਜੀਤ ਸਿੰਘ ਮਹਿਲ ਕਲਾਂ, ਅਮਰੀਕ ਸਿੰਘ, ਸਤਨਾਮ ਸਿੰਘ, ਊਧਮ ਸਿੰਘ, ਤੋਤਾ ਸਿੰਘ, ਲਖਬੀਰ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ, ਧਨਵਿੰਦਰ ਸਿੰਘ, ਜਗਸੀਰ ਸਿੰਘ, ਅਰਸਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।