- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਵਨ ਕੁਮਾਰ ਹੋਸ਼ੀ ਦਾ ਗ਼ਜ਼ਲ-ਸੰਗ੍ਰਹਿ ਲੋਕ ਅਰਪਣ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਾਲਵਾ ਲਿਖਾਰੀ ਸਭਾ ਵੱਲੋਂ ਲੇਖਕ ਭਵਨ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਹਿਤਕਾਰਾਂ ਦੇ ਵਿਆਪਕ ਇਕੱਠ ਵਿੱਚ ਉੱਭਰਦੇ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਉੱਘੇ ਗ਼ਜ਼ਲਕਾਰ ਤੇਜਿੰਦਰ ਮਾਰਕੰਡਾ ਨੇ ਕਿਹਾ ਕਿ ਸੂਝ-ਬੂਝ ਦੀ ਵਿਆਪਕਤਾ ਲਈ ਲੇਖਕ ਦਾ ਬਹੁਤ ਸਾਰੀਆਂ ਵਿਚਾਰਧਾਰਾਵਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਪੁਸਤਕ ਸਬੰਧੀ ਪੜ੍ਹੇ ਆਪਣੇ ਖੋਜਪੂਰਨ ਪਰਚੇ ਵਿੱਚ ਲੇਖਕ ਅਤੇ ਆਲੋਚਕ ਤਰਲੋਚਨ ਮੀਰ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਦੀ ਗ਼ਜ਼ਲ ਅਜੋਕੇ ਭ੍ਰਿਸ਼ਟ ਸਿਸਟਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਪ੍ਰਿੰ. ਸੰਤ ਸਿੰਘ ਬੀਹਲਾ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਆਪਣੀ ਗ਼ਜ਼ਲ ਵਿੱਚ ਸਰੀਰ, ਮਨ ਅਤੇ ਚੇਤਨਾ ਦੀ ਗੱਲ ਕਰਦੀ ਹੈ। ਜੰਗੀਰ ਸਿੰਘ ਰਤਨ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਸੰਜੀਦਾ ਸਮਾਜ-ਚਿੰਤਕ ਹਨ। ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਆਤਮ ਪੜਚੋਲ ਦੀ ਗੱਲ ਕਰਨ ਵਾਲੇ ਕਲਮਕਾਰ ਹਨ। ਡਾ. ਮੀਤ ਖਟੜਾ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਨੇ ਆਮ ਆਦਮੀ ਦੇ ਦੁੱਖਾਂ-ਦਰਦਾਂ ਦੀ ਗੱਲ ਕੀਤੀ ਹੈ। ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਗ਼ਜ਼ਲ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਗ਼ਜ਼ਲਕਾਰ ਹਨ। ਪਵਨ ਕੁਮਾਰ ਹੋਸ਼ੀ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਬਾਰੇ ਆਪਣੀਆਂ ਕੁੱਝ ਚੋਣਵੀਆਂ ਗ਼ਜ਼ਲਾਂ ਵੀ ਪੜ੍ਹ ਕੇ ਸੁਣਾਈਆਂ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚਰਚਿਤ ਗੀਤਕਾਰ ਬੱਲੀ ਬਲਜਿੰਦਰ ਈਲਵਾਲ ਦਾ ਗਾਇਆ ਬੇਹੱਦ ਖ਼ੂਬਸੂਰਤ ਗੀਤ ‘ਪਿੰਡ ਈਲਵਾਲ’ ਵੀ ਲੋਕ ਅਰਪਣ ਕੀਤਾ ਗਿਆ। ਉਪਰੰਤ ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ।