ਐਮਰਜੈਂਸੀ ’ਚ ਮਰੀਜ਼ਾਂ ਨੂੰ ਖੂ਼ਨ ਨਾ ਮਿਲਣ ਕਾਰਨ ਹੋ ਰਹੇ ਪਰੇਸ਼ਾਨ
ਐਮਰਜੈਂਸੀ ’ਚ ਮਰੀਜਾਂ ਨੂੰ ਖੂਨ ਨਾ ਮਿਲਣ ਕਾਰਨ ਮਰੀਜ ਹੋ ਰਹੇ ਪਰੇਸ਼ਾਨ
Publish Date: Sat, 24 Jan 2026 04:21 PM (IST)
Updated Date: Sun, 25 Jan 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਵਿਖੇ ਕੇਂਦਰ ਦੀ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਰਿਕਾਰਡ ’ਚ ਕਮੀਆਂ ਨੂੰ ਦੇਖਦੇ ਹੋਏ ਟੀਮ ਵੱਲੋਂ ਬਲੱਡ ਬੈਂਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਕਾਰਨ ਹੁਣ ਪਿਛਲੇ ਦੋ ਦਿਨਾਂ ਤੋਂ ਐਮਰਜੈਂਸੀ ’ਚ ਵੀ ਮਰੀਜ਼ਾਂ ਨੂੰ ਖੂਨ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ, ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਨੇ ਕਿਹਾ ਕਿ ਬਲੱਡ ਬੈਂਕ ਮੁਲਾਜਮਾਂ ਦੀ ਅਣਗਹਿਲੀ ਦਾ ਨਤੀਜਾ ਮਰੀਜ਼ ਭੁਗਤ ਰਹੇ ਹਨ। ਚੈਕਿੰਗ ਦੌਰਾਨ ਪਾਈਆਂ ਗਈਆਂ ਕਮੀਆਂ ਕਾਰਨ ਬਲੱਡ ਬੈਂਕ ਪਿਛਲੇ ਕਰੀਬ ਦੋ ਦਿਨਾਂ ਤੋਂ ਬੰਦ ਪਿਆ ਹੈ, ਇਸ ਦਾ ਖਮਿਆਜਾ ਲੋੜਵੰਦ ਮਰੀਜ਼ ਕਿਉਂ ਭੁਗਤਣ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਇਕ ਖੂਨਦਾਨ ਕੈਂਪ 26 ਜਨਵਰੀ ਨੂੰ ਲਗਾਇਆ ਜਾਣਾ ਸੀ ਅਤੇ ਅਸੀ ਬਲੱਡ ਬੈਂਕ ਵਿਚ ਜਾ ਕੇ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੀਆਂ ਆਰਜੀ ਤੌਰ ਤੇ ਸੇਵਾਵਾਂ ਬੰਦ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਸ ਸਮੱਸਿਆ ਵੱਲ ਧਿਆਨ ਦੇ ਕੇ ਇਸ ਦਾ ਹੱਲ ਕੀਤਾ ਜਾਵੇ। ਕਿਉਂਕਿ ਬਰਨਾਲਾ ਜ਼ਿਲ੍ਹੇ ਦਾ ਹਸਪਤਾਲ ਹੋਣ ਕਾਰਨ ਰੋਜਾਨਾ ਹਜ਼ਾਰਾਂ ਮਰੀਜ ਆਉਂਦੇ ਹਨ । ਕਈ ਸੜਕ ਦੁਰਘਟਨਾਵਾਂ ਦੇ ਐਮਰਜੈਂਸੀ ਮਰੀਜ, ਡਲਿਵਰੀ ਕੇਸਾਂ ਅਤੇ ਆਪ੍ਰੇਸ਼ਨਾਂ ਦੇ ਵਿਚ ਜੇਕਰ ਖੂਨ ਦੀ ਜਰੂਰਤ ਪੈਂਦੀ ਹੈ ਤਾਂ ਤਪਾ ਜਾਣਾ ਪਵੇਗਾ। ਜਿਸ ਨਾਲ ਸਮੇ ਦੀ ਬਰਬਾਦੀ ਹੋਵੇਗੀ ਅਤੇ ਕਿਸੇ ਵੀ ਐਮਰਜੈਂਸੀ ਮਰੀਜ ਦੀ ਜਾਨ ਜੋਖਮ ’ਚ ਦੀ ਦੇਰੀ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿੰਮੇਵਾਰ ਕੋਣ ਹੋਵੇਗਾ। ਬਲੱਡ ਬੈਂਕ ਦੇ ਬਾਹਰ ਗੱਲਬਾਤ ਕਰਦਿਆਂ ਬਬਲੂ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਬੀਤੀ ਰਾਤ ਡਿਲੀਵਰੀ ਹੋਣੀ ਸੀ ਅਤੇ ਏ-ਪਾਜੇਟਿਵ ਖੂਨ ਦੀ ਜਰੂਰਤ ਸੀ। ਸਾਡੇ ਵਲੋਂ ਦੋ ਖੂਨਦਾਨੀ ਵੀ ਲਿਆਂਦੇ ਗਏ ਪਰ ਬਲੱਡ ਬੈਂਕ ਵਿਚ ਜਵਾਬ ਦਿੱਤਾ ਗਿਆ ਕਿ ਤੁਹਾਨੂੰ ਤਪਾ ਤੋਂ ਬਲੱਡ ਲਿਆਉਣਾ ਪਵੇਗਾ। ਇਕ ਹੋਰ ਹਾਜ਼ਰ ਮਰੀਜ ਦੇ ਰਿਸ਼ਤੇਦਾਰ ਜੋਸ਼ੀ ਕੁਮਾਰ ਨੇ ਕਿਹਾ ਕਿ ਸਾਡੇ ਰਿਸ਼ਤੇਦਾਰ ਨੂੰ ਖੂਨ ਦੀ ਜਰੂਰਤ ਹੈ ਅਤੇ ਸਾਨੂੰ ਵੀ ਤਪਾ ਤੋਂ ਖੂਨ ਲਿਆਉਣ ਲਈ ਕਿਹਾ ਗਿਆ ਹੈ। :ਬਾਕਸ ਨਿਊਜ: ਜਦੋਂ ਇਸ ਮਾਮਲੇ ਸਬੰਧੀ ਐਸ.ਐਮ.ਓ ਬਰਨਾਲਾ ਡਾ. ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬਰਨਾਲਾ ਵਿਖੇ ਚਾਰਜ ਸੰਭਾਲਿਆ ਕਰੀਬ 2-3 ਮਹੀਨੇ ਹੀ ਹੋਏ ਹਨ। ਬਲੱਡ ਬੈਂਕ ਦੀ ਬਿਲਡਿੰਗ ਮੇਰੇ ਤੋਂ ਪਹਿਲਾਂ ਹੀ ਤਬਦੀਲ ਕਰ ਦਿੱਤੀ ਗਈ ਸੀ। ਜਿਸ ਦੀ ਮਨਜੂਰੀ ਲੈਣੀ ਹੁੰਦੀ ਹੈ। ਹੁਣ ਸਾਡੇ ਵਲੋਂ ਇਸ ਮਨਜੂਰੀ ਲਈ ਉਪਰ ਦਸਤਾਵੇਜ ਭੇਜੇ ਜਾ ਰਹੇ ਹਨ ਅਤੇ ਜਲਦ ਹੀ ਬਰਨਾਲਾ ਵਿਖੇ ਹੀ ਬਲੱਡ ਬੈਂਕ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਆਰਜੀ ਤੌਰ ਤੇ ਬਲੱਡ ਬੈਂਕ ਤਪਾ ਵਿਖੇ ਸਿਫ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਮਰੀਜਾਂ ਨੂੰ ਖੂਨ ਮੁਹੱਈਆ ਹੋ ਸਕੇ।