ਰੈਲੀ ਲਈ ਸਰਕਾਰੀ ਬੱਸਾਂ ਭੇਜਣ ਕਾਰਨ ਮੁਸਾਫ਼ਰਾਂ ਦੀ ਖੱਜਲ-ਖੁਆਰੀ ਵਧੀ ਰੈਲੀ ਲਈ ਸਰਕਾਰੀ ਬੱਸਾਂ ਭੇਜਣ ਕਾਰਨ ਮੁਸਾਫ਼ਰਾਂ ਦੀ ਖੱਜਲ-ਖੁਆਰੀ ਵਧੀ
Publish Date: Thu, 26 Nov 2026 05:17 PM (IST)
Updated Date: Thu, 26 Nov 2026 05:19 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਸੂਬਾ ਪੱਧਰੀ ਰੈਲੀ ਲਈ ਕੀਤੀ ਗਈ। ਇਸ ਰੈਲੀ ਵਿੱਚ ਸਰਕਾਰੀ ਬੱਸਾਂ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਕਾਰਨ ਜਿੱਥੇ ਸੂਬੇ ਭਰ ਦੇ ਮੁਸਾਫਿਰ ਪਰੇਸ਼ਾਨ ਹੋਏ ਉੱਥੇ ਹੀ ਭਵਾਨੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਦੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਅਤੇ ਪਟਿਆਲਾ ਡਿਪੂਆਂ ਦੀਆਂ ਵੱਡੀ ਗਿਣਤੀ ਵਿੱਚ ਪੀਆਰਟੀਸੀ ਬੱਸਾਂ ਨੂੰ ਰੋਜ਼ਾਨਾ ਦੇ ਰੂਟਾਂ ਤੋਂ ਹਟਾ ਕੇ ਰੈਲੀ ਲਈ ਭੇਜਣ ਕਾਰਨ ਭਵਾਨੀਗੜ੍ਹ ਬੱਸ ਅੱਡੇ ’ਤੇ ਸਵਾਰੀਆਂ ਘੰਟਿਆਂਬੱਧੀ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ। ਦੂਜੇ ਪਾਸੇ, ਸਰਕਾਰੀ ਬੱਸਾਂ ਦੀ ਘਾਟ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ। ਨਿੱਜੀ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਤੋਂ ਇਲਾਵਾ ਕਈ ਥਾਵਾਂ ’ਤੇ ਬੱਸਾਂ ਦੀਆਂ ਛੱਤਾਂ ਉੱਪਰ ਵੀ ਮੁਸਾਫ਼ਰਾਂ ਨੂੰ ਬਿਠਾ ਕੇ ਲਿਜਾਂਦੇ ਦੇਖਿਆ ਗਿਆ। ਪਟਿਆਲਾ, ਸੰਗਰੂਰ ਅਤੇ ਨਾਭਾ ਰੂਟਾਂ ਦੇ ਮੁਸਾਫ਼ਰ ਹੋਏ ਪਰੇਸ਼ਾਨ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਭਵਾਨੀਗੜ੍ਹ ਤੋਂ ਰੋਜ਼ਾਨਾ ਪਟਿਆਲਾ, ਸੰਗਰੂਰ, ਸਮਾਣਾ, ਨਾਭਾ ਅਤੇ ਸੁਨਾਮ ਸਮੇਤ ਵੱਖ-ਵੱਖ ਸ਼ਹਿਰਾਂ ਵੱਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਅੱਜ ਬੱਸਾਂ ਦੀ ਘਾਟ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਦਫ਼ਤਰੀ ਮੁਲਾਜ਼ਮਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਇਲਾਜ ਲਈ ਪਟਿਆਲਾ ਅਤੇ ਸੰਗਰੂਰ ਜਾਣ ਵਾਲੇ ਮਰੀਜ਼ ਵੀ ਬੱਸ ਅੱਡਿਆਂ ’ਤੇ ਬੱਸਾਂ ਦੀ ਉਡੀਕ ਕਰਦੇ ਰਹੇ। ਪੇਂਡੂ ਖੇਤਰਾਂ ਤੋਂ ਸ਼ਹਿਰ ਆਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ। ਪ੍ਰਾਈਵੇਟ ਬੱਸਾਂ ਵਿੱਚ ਭੀੜ, ਮੁਫ਼ਤ ਸਫ਼ਰ ਵਾਲੀਆਂ ਔਰਤਾਂ ਨੂੰ ਵੀ ਮੁਸ਼ਕਲ ਸਰਕਾਰੀ ਬੱਸਾਂ ਦੀ ਘਾਟ ਅਤੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੜਕਾਂ ’ਤੇ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਵਿੱਚ ਸਵਾਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਖ਼ਾਸ ਕਰਕੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਲੈਣ ਵਾਲੀਆਂ ਔਰਤਾਂ ਅਤੇ ਬਜ਼ੁਰਗਾਂ ਨੂੰ ਨਿੱਜੀ ਬੱਸਾਂ ਵਿੱਚ ਕਿਰਾਇਆ ਖ਼ਰਚ ਕੇ ਸਫ਼ਰ ਕਰਨਾ ਪਿਆ। ਕਈ ਮੁਸਾਫ਼ਰਾਂ ਨੂੰ ਬੱਸਾਂ ਵਿੱਚ ਚੜ੍ਹਨ ਲਈ ਧੱਕਾ-ਮੁੱਕੀ ਦਾ ਸਾਹਮਣਾ ਵੀ ਕਰਨਾ ਪਿਆ, ਜਦਕਿ ਕਈ ਪੇਂਡੂ ਰੂਟਾਂ ’ਤੇ ਬੱਸਾਂ ਨਾ ਮਿਲਣ ਕਾਰਨ ਲੋਕਾਂ ਨੂੰ ਮਹਿੰਗੇ ਭਾੜੇ ’ਤੇ ਆਟੋ ਜਾਂ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪਿਆ। ਰੈਲੀ ਲਈ ਸਰਕਾਰੀ ਬੱਸਾਂ ਦੀ ਤਾਇਨਾਤੀ ਕਾਰਨ ਪੈਦਾ ਹੋਈ ਇਸ ਸਥਿਤੀ ਨੇ ਆਮ ਲੋਕਾਂ ਦੀ ਰੋਜ਼ਾਨਾ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਅਤੇ ਲੋਕਾਂ ਨੂੰ ਸਵਾਲ ਉਠਾਉਣ ਲਈ ਮਜਬੂਰ ਕੀਤਾ ਕਿ ਰੈਲੀਆਂ ਦੇ ਪ੍ਰਬੰਧਾਂ ਦੇ ਨਾਲ-ਨਾਲ ਆਮ ਮੁਸਾਫ਼ਰਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।