ਪਰਮਿੰਦਰ ਝੋਟੇ ਦੀ ਕੁਰਬਾਨੀ ਪੰਜਾਬ ’ਚੋਂ ਨਸ਼ੇ ਖ਼ਤਮ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ ਪਰਮਿੰਦਰ ਝੋਟੇ ਦੀ ਕੁਰਬਾਨੀ ਪੰਜਾਬ ’ਚੋਂ ਨਸ਼ੇ ਖ਼ਤਮ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ
Publish Date: Wed, 21 Oct 2026 04:52 PM (IST)
Updated Date: Thu, 22 Oct 2026 04:01 AM (IST)
: ਅਮਿਤ ਸ਼ਾਹ ਵੱਲੋਂ ਸੀਬੀਆਈ ਜਾਂਚ ਦੇ ਹੁਕਮਾਂ ਦਾ ਸੈਨਿਕ ਵਿੰਗ ਵੱਲੋਂ ਸਵਾਗਤ: ਕੈਪਟਨ ਸਿੱਧੂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਰਦਾਸਪੁਰ ’ਚ ਵਿਕਰਮ ਦੇ ਪਰਿਵਾਰ ਨਾਲ ਤੂਰਬਨਜਾਰਾ ’ਚ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਤੇ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਉਨ੍ਹਾਂ ਵੱਲੋਂ ਦੋ ਕੇਸਾਂ ’ਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜਿਸ ਦਾ ਪੰਜਾਬ ਦਾ ਸਮੁੱਚਾ ਸਾਬਕਾ ਸੈਨਿਕ ਵਰਗ ਸਵਾਗਤ ਕਰਦਾ ਹੈ। ਇਸ ਨਾਲ ਇੱਕ ਉਮੀਦ ਜਾਗੀ ਹੈ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਨਸ਼ਾ ਮੁਕਤ ਹੋਣ ਵੱਲ ਵਧੇਗਾ। ਇਹ ਵਿਚਾਰ ਸੈਨਿਕ ਵਿੰਗ ਦੇ ਸੂਬਾਈ ਆਗੂ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਗ੍ਰਹਿ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਤੇ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਮੀਲ ਪੱਥਰ ਸਾਬਤ ਹੋਵੇਗੀ। ਕੈਪਟਨ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮਿਤ ਸ਼ਾਹ ਦੇ ਦੌਰੇ ਤੋਂ ਕੁਝ ਘੰਟੇ ਪਹਿਲਾਂ ਸੀਬੀਆਈ ਜਾਂਚ ਦਾ ਐਲਾਨ ਕਰਨ ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਜਦੋਂ ਪਰਵਿੰਦਰ ਸਿੰਘ ਝੋਟੇ ਦਾ ਸੱਤ-ਅੱਠ ਦਿਨ ਪਹਿਲਾਂ ਕਤਲ ਹੋ ਗਿਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਨੂੰ ਸੀਬੀਆਈ ਜਾਂਚ ਕਰਵਾਉਣ ਦੀ ਯਾਦ ਕਿਉਂ ਨਹੀਂ ਆਈ ਅਤੇ ਹੁਣ ਅਮਿਤ ਸ਼ਾਹ ਦੇ ਦੌਰੇ ਤੋਂ ਕੁਝ ਘੰਟੇ ਪਹਿਲਾਂ ਹੀ ਅਜਿਹਾ ਐਲਾਨ ਕਿਉਂ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਆਉਣਾ ਪੰਜਾਬ ਦੇ ਲੋਕਾਂ ਲਈ ਇਹ ਸੁਨੇਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਹਾਲਾਤ ਪ੍ਰਤੀ ਚਿੰਤਤ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬੇਦਾਰ ਮੇਜਰ ਰਾਜ ਸਿੰਘ, ਜ਼ਿਲ੍ਹਾ ਪ੍ਰਧਾਨ ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਕਰਮਜੀਤ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਹੌਲਦਾਰ ਬਲਦੇਵ ਸਿੰਘ ਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।