- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਦਾ ਸਕੂਲ ਬੰਦ ਕਰਨ ਦੇ ਹੁਕਮਾਂ ਵਿਰੁੱਧ ਮਾਪਿਆਂ ਨੇ ਲਾਇਆ ਧਰਨਾ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ
ਪਿੰਡ ਜੰਡਾਲੀ ਕਲਾਂ ਵਿਖੇ ਵਿਸ਼ੇਸ਼ ਲੋੜਾਂ ਵਾਲੇ (ਦਿਵਿਆਂਗ) ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਨੂੰ ਅਚਾਨਕ ਬੰਦ ਕਰਨ ਦੇ ਆਦੇਸ਼ਾਂ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਬੰਦ ਕਰਨ ਦੇ ਲਏ ਗਏ ਇਸ ਫ਼ੈਸਲੇ ਵਿਰੁੱਧ ਮਾਪਿਆਂ ਨੇ ਬਲਾਕ ਸਿੱਖਿਆ ਅਫ਼ਸਰ ਜੰਡਾਲੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਮੰਗ ਪੱਤਰ ਸੌਂਪ ਕੇ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਧਰਨੇ ’ਤੇ ਬੈਠੇ ਮਾਪਿਆਂ ਨੇ ਦੱਸਿਆ ਕਿ ਇਹ ਸਕੂਲ ਪਹਿਲਾਂ ਪਿੰਡ ਜਾਤੀਵਾਲ ਰਾਈਆਂ ਵਿਖੇ ਚੱਲ ਰਿਹਾ ਸੀ, ਜਿੱਥੇ ਬੱਚਿਆਂ ਦੀ ਗਿਣਤੀ ਕਾਫ਼ੀ ਘੱਟ ਸੀ। ਇਸ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੇ ਹੁਕਮਾਂ ’ਤੇ ਸਕੂਲ ਨੂੰ ਜੰਡਾਲੀ ਕਲਾਂ ਵਿਖੇ ਤਬਦੀਲ ਕੀਤਾ ਗਿਆ ਸੀ। ਇਸ ਸਮੇਂ ਜੰਡਾਲੀ ਕਲਾਂ ਸਕੂਲ ਵਿੱਚ 18 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਮਾਪਿਆਂ ਨੇ ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਕਿਹਾ ਗਰੀਬੀ ਅਤੇ ਸਾਧਨਾਂ ਦੀ ਘਾਟ ਕਾਰਨ ਉਹ ਆਰਥਿਕ ਤੌਰ ’ਤੇ ਕਮਜ਼ੋਰ ਹਨ ਅਤੇ ਉਨ੍ਹਾਂ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਬੱਚਿਆਂ ਨੂੰ ਰੋਜ਼ਾਨਾ ਦੂਰ-ਦੁਰਾਡੇ ਸਕੂਲ ਵਿੱਚ ਛੱਡਣ ਅਤੇ ਲਿਆਉਣ ਦਾ ਖਰਚਾ ਚੁੱਕ ਸਕਣ। ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੋਣ ਕਰਕੇ ਮਾਪਿਆਂ ਨੂੰ ਉਨ੍ਹਾਂ ਦੇ ਆਸ-ਪਾਸ ਹੀ ਰਹਿਣਾ ਪੈਂਦਾ ਹੈ। ਪਿੰਡ ਵਿੱਚ ਸਕੂਲ ਹੋਣ ਕਾਰਨ ਉਹ ਆਸਾਨੀ ਨਾਲ ਬੱਚਿਆਂ ਦੀ ਦੇਖਭਾਲ ਕਰ ਲੈਂਦੇ ਸਨ ਅਤੇ ਕਿਸੇ ਐਮਰਜੈਂਸੀ ਸਮੇਂ ਤੁਰੰਤ ਪਹੁੰਚ ਸਕਦੇ ਸਨ, ਜਿਸ ਜਗ੍ਹਾ ਸਕੂਲ ਸ਼ਿਫ਼ਟ ਕੀਤਾ ਜਾ ਰਿਹਾ ਹੈ, ਉੱਥੇ ਸਿਰਫ਼ 8 ਬੱਚੇ ਹਨ। ਨਿਯਮਾਂ ਮੁਤਾਬਕ ਘੱਟ ਗਿਣਤੀ (8 ਬੱਚੇ) ਵਾਲੇ ਸਕੂਲ ਨੂੰ ਜ਼ਿਆਦਾ ਗਿਣਤੀ (18 ਬੱਚੇ) ਵਾਲੇ ਸਕੂਲ ਵਿੱਚ ਮਿਲਾਉਣਾ ਬਣਦਾ ਹੈ, ਪਰ ਇੱਥੇ ਉਲਟ ਕਾਰਵਾਈ ਕੀਤੀ ਜਾ ਰਹੀ ਹੈ।
ਸਿੱਖਿਆ ਵਿਭਾਗ ਦਾ ਪੱਖ
ਜਦੋਂ ਇਸ ਮਾਮਲੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਫੋਨ ਕਰਨ ’ਤੇ ਵੀ ਕਾਲ ਅਟੈਂਡ ਨਹੀਂ ਕੀਤੀ। ਉਨ੍ਹਾਂ ਦੇ ਦਫ਼ਤਰ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਹ ਸਕੂਲ ਬੰਦ ਕਰਨ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗੀ ਇੰਸਪੈਕਸ਼ਨ ਦੌਰਾਨ ਪਹਿਲਾਂ ਉੱਥੇ 2 ਬੱਚੇ ਸਨ ਅਤੇ ਦੂਜੀ ਵਾਰ ਇੰਸਪੈਕਸ਼ਨ ਦੌਰਾਨ 8 ਬੱਚਿਆਂ ਦੀ ਗਿਣਤੀ ਮਿਲੀ ਸੀ। ਗਲਤ ਰਿਪੋਰਟਿੰਗ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸੁਪਰਡੈਂਟ ਨੇ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਸਕੂਲ ਨੂੰ ਜੰਡਾਲੀ ਕਲਾਂ ਵਿਖੇ ਹੀ ਚਾਲੂ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ।