ਬਜ਼ੁਰਗਾਂ ਦੀ ਸੇਵਾ ਦਾ ਸੰਦੇਸ਼ ਦੇ ਗਏ ਹੈਰੀਟੇਜ ਸਕੂਲ ਦੇ ਬੱਚੇ ਬਜ਼ੁਰਗਾਂ ਦੀ ਸੇਵਾ ਦਾ ਸੰਦੇਸ਼ ਦੇ ਗਏ ਹੈਰੀਟੇਜ ਸਕੂਲ ਦੇ ਬੱਚੇ
Publish Date: Mon, 05 Oct 2026 03:35 PM (IST)
Updated Date: Tue, 06 Oct 2026 04:02 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਪਹੁੰਚ ਕੇ ਬਜ਼ੁਰਗਾਂ ਨਾਲ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਜੀਵਨ ਅਤੇ ਪਰਿਵਾਰਕ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਬਿਰਧ ਆਸ਼ਰਮ ਵਿੱਚ ਉਨ੍ਹਾਂ ਦੀ ਕੀਤੀ ਜਾ ਰਹੀ ਸੇਵਾ-ਸੰਭਾਲ ਬਾਰੇ ਜਾਣਿਆ। ਸਕੂਲ ਦੇ ਬੱਚਿਆਂ ਨੂੰ ਲੈ ਕੇ ਪਹੁੰਚੇ ਟੀਮ ਇੰਚਾਰਜ ਇਸ਼ਾਨਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਮਿੱਤਲ ਅਤੇ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਸੰਸਕਾਰ ਅਤੇ ਉੱਚ ਪੱਧਰੀ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਵੀ ਜੋੜਿਆ ਜਾਵੇ। ਇਸੇ ਲੜੀ ਤਹਿਤ ਵਿਦਿਆਰਥੀਆਂ ਨੂੰ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਦੀ ਮਹੱਤਤਾ ਸਮਝਾਉਣ ਲਈ ਆਸ਼ਰਮ ਦਾ ਦੌਰਾ ਕਰਵਾਇਆ ਗਿਆ। ਬਿਰਧ ਆਸ਼ਰਮ ਦੇ ਚੇਅਰਮੈਨ ਡਾ. ਅਵਿਨਾਸ਼ ਰਾਣਾ ਨੇ ਦੱਸਿਆ ਕਿ ਇਸ ਮੌਕੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਬਜ਼ੁਰਗਾਂ ਲਈ ਸਿਹਤ ਕੈਂਪ ਵੀ ਲਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਵਿਰਾਸਤ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਮੈਡੀਕਲ ਅਫ਼ਸਰ ਘਰਾਚੋਂ ਡਾ. ਕਵਰ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਜ਼ੁਰਗਾਂ ਦੀ ਸਿਹਤ ਜਾਂਚ ਕਰਕੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਯੋਗ ਸੈਸ਼ਨ ਵੀ ਕਰਵਾਇਆ ਗਿਆ। ਆਯੁਰਵੈਦਿਕ ਵਿਭਾਗ ਸੰਗਰੂਰ ਵੱਲੋਂ ਬਜ਼ੁਰਗਾਂ ਨੂੰ ਆਯੁਰਵੈਦਿਕ ਦਵਾਈਆਂ ਅਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਸੁਖਮਨ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਸਕੀਮ ਤਹਿਤ ਬਜ਼ੁਰਗਾਂ ਦੀ ਦੇਖਭਾਲ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਪੁਸ਼ਪਿੰਦਰ ਸਿੰਘ ਘਰਾਚੋਂ ਅਤੇ ਜਸਵੀਰ ਸਿੰਘ ਵੱਲੋਂ ਬਜ਼ੁਰਗਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰੇਨੂ ਰਾਣਾ, ਸਟੇਟ ਕੋ-ਕਨਵੀਨਰ ਹਿਊਮਨ ਰਾਈਟਸ, ਲਵ ਕਿਰਨ ਸ਼ਰਮਾ, ਅਮਰਪ੍ਰੀਤ ਕੌਰ, ਸਾਹਿਲ ਕਾਂਸਲ, ਅਰਸ਼ਦੀਪ, ਪ੍ਰਦੀਪ ਸਿੰਘ ਰਾਜੂ ਨਟ, ਨੂਰ ਕੌਰ, ਅਮਨਦੀਪ ਕੌਰ, ਅਵਤਾਰ ਸਿੰਘ ਸਮੇਤ ਬਿਰਧ ਆਸ਼ਰਮ ਹਾਜ਼ਰ ਸਨ।