ਭੂੰਗ ਵਾਲੀ ਓਵਰਲੋਡ ਟਰੈਕਟਰ ਟਰਾਲੀ ਹਾਦਸਾਗ੍ਰਸਤ, ਇਕ ਜ਼ਖ਼ਮੀ ਤੂੜੀ ਦੇ ਭੂੰਗ ਵਾਲੀ ਓਵਰਲੋਡ ਟਰੈਕਟਰ ਟਰਾਲੀ ਹਾਦਸਾਗ੍ਰਸਤ, ਇੱਕ ਗੰਭੀਰ ਜ਼ਖਮੀ
Publish Date: Wed, 16 Sep 2026 04:54 PM (IST)
Updated Date: Thu, 17 Sep 2026 04:02 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਬੀਤੀ ਦੇਰ ਸ਼ਾਮ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਿਆਸ ਸਤਿਸੰਗ ਘਰ ਤੋਂ ਪਹਿਲਾਂ ਤੂੜੀ ਦੇ ਭੂੰਗ ਨਾਲ ਲੱਦੀ ਇੱਕ ਓਵਰਲੋਡ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੈਕਟਰ ਦੋ ਹਿੱਸਿਆਂ ਵਿੱਚ ਟੁੱਟ ਗਿਆ ਅਤੇ ਸੜਕ ਕਿਨਾਰੇ ਬਣੇ ਨਾਲੇ ਵਿੱਚ ਜਾ ਡਿੱਗਿਆ। ਹਾਦਸੇ ਵਿੱਚ ਟਰੈਕਟਰ ’ਤੇ ਸਵਾਰ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਦਕਿ ਦੋ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਭੂੰਗ ਨਾਲ ਭਰੀ ਇਹ ਟਰੈਕਟਰ-ਟਰਾਲੀ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾ ਰਹੀ ਸੀ। ਬਿਆਸ ਸਤਿਸੰਗ ਘਰ ਕੋਲ ਪਹੁੰਚਣ ਤੋਂ ਪਹਿਲਾਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਟਰਾਲੀ ਸਮੇਤ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਰਿੰਕੂ (35) ਵਾਸੀ ਪਿੰਡ ਭਵਰੀ, ਰਾਜਪੁਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਉਸਦੇ ਨਾਲ ਸਵਾਰ ਦੋ ਵਿਅਕਤੀ ਬਚ ਗਏ। ਗੰਭੀਰ ਜ਼ਖਮੀ ਰਿੰਕੂ ਨੂੰ ਤੁਰੰਤ ਸਰਕਾਰੀ ਹਸਪਤਾਲ ਭਵਾਨੀਗੜ੍ਹ ਲਿਜਾਇਆ ਗਿਆ। ਇੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਨੂੰ ਪਟਿਆਲਾ ਰੈਫਰ ਕੀਤਾ ਗਿਆ। ਬਾਅਦ ਵਿੱਚ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਚੰਡੀਗੜ੍ਹ ਸਥਿਤ ਪੀਜੀਆਈ ਭੇਜ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ। ਸੂਚਨਾ ਮਿਲਣ ’ਤੇ ਟਰੈਫਿਕ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਸੁਚਾਰੂ ਕਰਵਾਈ। ਓਵਰਲੋਡ ਵਾਹਨਾਂ ’ਤੇ ਕਾਰਵਾਈ ਦੀ ਮੰਗ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਹਾਈਵੇ ’ਤੇ ਦੌੜਦੇ ਓਵਰਲੋਡ ਵਾਹਨਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਤੂੜੀ ਨਾਲ ਭਰੀਆਂ ਕਈ ਓਵਰਲੋਡ ਟਰੈਕਟਰ-ਟਰਾਲੀਆਂ ਰੋਜ਼ਾਨਾ ਲੰਘਦੀਆਂ ਹਨ। ਵੱਧ ਲੋਡ ਹੋਣ ਕਾਰਨ ਅਜਿਹੇ ਵਾਹਨ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਦੇ ਨਾਲ ਹਾਦਸਿਆਂ ਦਾ ਖਤਰਾ ਵੀ ਵਧਾਉਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਕੇ ਚੱਲਣ ਵਾਲੇ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।