ਪਾਣੀ ਨੂੰ ਲੈ ਕੇ ਮੱਚੀ ਹਾਹਾਕਾਰ, ਪਾਣੀ ਨੂੰ ਤਰਸੇ ਖਨੌਰੀ ਵਾਸੀ ਪਾਣੀ ਨੂੰ ਲੈ ਕੇ ਮੱਚੀ ਹਾਹਾਕਾਰ, ਪਾਣੀ ਨੂੰ ਤਰਸੇ ਖਨੌਰੀ ਵਾਸੀ
Publish Date: Fri, 11 Sep 2026 03:57 PM (IST)
Updated Date: Sat, 12 Sep 2026 04:02 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਅੱਤ ਦੀ ਗਰਮੀ ਵਿੱਚ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਘਰੇਲੂ ਕੰਮਕਾਜ ਤੋਂ ਲੈ ਕੇ ਪੀਣ ਵਾਲੇ ਪਾਣੀ ਤੱਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਦੂਰ ਦਰਾਜ ਤੋ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 2, 3, 4 ਅਤੇ 5 ਤੋਂ ਇਲਾਵਾ ਬਰਾੜ ਕਾਲੋਨੀ, ਮਾਸਟਰ ਕਾਲੋਨੀ, ਕੈਥਲ ਰੋਡ, ਟਰੱਕ ਮਾਰਕੀਟ ਸਮੇਤ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਨਵੀਆਂ ਕਲੋਨੀਆਂ ਨੂੰ ਮੁੱਖ ਪਾਈਪ ਲਾਈਨਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਕੁਨੈਕਸ਼ਨਾਂ ਕਾਰਨ ਪੁਰਾਣੇ ਇਲਾਕਿਆਂ ਦੀ ਪਾਣੀ ਸਪਲਾਈ ਵੀ ਬੰਦ ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਘਰਾਂ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਦੂਰ-ਦੂਰ ਤੱਕ ਜਾਣਾ ਪੈ ਰਿਹਾ ਹੈ। ਕਈ ਪਰਿਵਾਰ ਮਜਬੂਰੀਵੱਸ ਆਪਣੇ ਭਾਂਡੇ ਲੈ ਕੇ ਪਾਣੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਦਿਖਾਈ ਦਿੱਤੇ। ਪਾਣੀ ਦੀ ਕਿੱਲ੍ਹਤ ਕਾਰਨ ਲੋਕ ਖਨੌਰੀ ਪੁਲਿਸ ਥਾਣੇ ਦੇ ਸਾਹਮਣੇ ਲੱਗੇ ਵਾਟਰ ਸਪਲਾਈ ਬੋਰ ਅਤੇ ਖਨੌਰੀ ਟਰੱਕ ਯੂਨੀਅਨ ਵਿਖੇ ਪਹੁੰਚ ਕੇ ਪੀਣ ਵਾਲਾ ਪਾਣੀ ਭਰਨ ਲਈ ਮਜਬੂਰ ਹਨ। ਇਨ੍ਹਾਂ ਥਾਵਾਂ ’ਤੇ ਪਾਣੀ ਲੈਣ ਲਈ ਲੋਕਾਂ ਦੀ ਆਵਾਜਾਈ ਵਧ ਗਈ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਨਵੀਆਂ ਕਾਲੋਨੀਆਂ ਨੂੰ ਮੁੱਢਲੀਆਂ ਸਹੂਲਤਾਂ ਨਾਲ ਜੋੜਨਾ ਜ਼ਰੂਰੀ ਹੈ ਅਤੇ ਇਸ ਕੰਮ ਦਾ ਉਹ ਵਿਰੋਧ ਨਹੀਂ ਕਰਦੇ, ਪਰ ਵਿਕਾਸ ਕਾਰਜਾਂ ਦੀ ਆੜ ਵਿੱਚ ਪੁਰਾਣੇ ਵਸਨੀਕਾਂ ਨੂੰ ਲੰਬੇ ਸਮੇਂ ਤੱਕ ਪਾਣੀ ਵਰਗੀ ਮੁੱਢਲੀ ਸਹੂਲਤ ਤੋਂ ਵਾਂਝਾ ਰੱਖਣਾ ਵੀ ਠੀਕ ਨਹੀਂ ਹੈ। ਲੋਕਾਂ ਨੇ ਸਬੰਧਤ ਵਿਭਾਗ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਈਪ ਲਾਈਨ ਕੁਨੈਕਸ਼ਨ ਦਾ ਕੰਮ ਜਲਦ ਮੁਕੰਮਲ ਕਰਕੇ ਪਾਣੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਨਾਲ ਹੀ ਭਵਿੱਖ ਵਿੱਚ ਅਜਿਹੇ ਕੰਮਾਂ ਦੌਰਾਨ ਪਾਣੀ ਦੀ ਸਪਲਾਈ ਬੰਦ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਲੋੜ ਪੈਣ ’ਤੇ ਪੀਣ ਵਾਲੇ ਪਾਣੀ ਦੇ ਟੈਂਕਰਾਂ ਜਾਂ ਹੋਰ ਬਦਲਵੇਂ ਪ੍ਰਬੰਧ ਕੀਤੇ ਜਾਣ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਵਿੱਚ ਪਾਣੀ ਦੀ ਸਪਲਾਈ ਦੋ ਦਿਨਾਂ ਤੱਕ ਠੱਪ ਰਹਿਣਾ ਗੰਭੀਰ ਮਾਮਲਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਦੂਜੇ ਪਾਸੇ, ਐੱਸਡੀਓ ਤਜਿੰਦਰ ਸਿੰਗਲਾ ਨੇ ਦੱਸਿਆ ਕਿ ਨਵੀਂਆਂ ਕਾਲੋਨੀਆਂ ਨੂੰ ਪਾਣੀ ਕੁਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।