ਓਐਸਡੀ ਨੇ ਰੱਖਿਆ ਸੇਂਟ ਜੋਸਫ ਕਾਨਵੈਂਟ ਸਕੂਲ ਦਾ ਨੀਂਹ ਪੱਥਰ ਓਐਸਡੀ ਨੇ ਰੱਖਿਆ ਸੇਂਟ ਜੋਸਫ ਕਾਨਵੈਂਟ ਸਕੂਲ ਦਾ ਨੀਂਹ ਪੱਥਰ
Publish Date: Thu, 17 Sep 2026 03:46 PM (IST)
Updated Date: Fri, 18 Sep 2026 04:02 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਬੱਚਿਆਂ ਨੂੰ ਮਿਆਰੀ, ਆਧੁਨਿਕ ਅਤੇ ਸਰਵਪੱਖੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੇਂਟ ਜੋਸਫ ਕਾਨਵੈਂਟ ਸਕੂਲ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਰੱਖਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਡਾ. ਸਹਾਇਆ ਥੈਥਿਊਸ ਥੋਮਸ ਸ਼ਿਮਲਾ ਅਤੇ ਚੰਡੀਗੜ੍ਹ ਹਾਜ਼ਰ ਹੋਏ। ਉਨਾਂ ਕਿਹਾ ਕਿ ਇਸ ਸਕੂਲ ਵਿਖੇ ਨਰਸਰੀ, ਐਲਕੇਜੀ ਅਤੇ ਯੂਕੇਜੀ ਜਮਾਤਾਂ ਲਈ ਰਜਿਸਟ੍ਰੇਸ਼ਨ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਓਐਸਡੀ ਨੇ ਸਕੂਲ ਦੇ ਆਸ਼ੀਰਵਾਦ ਅਤੇ ਨੀਂਹ ਪੱਥਰ ਸਮਾਗਮ ਦੌਰਾਨ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਡਾਟਰ ਆਫ ਦੀ ਸੈਕਰਡ ਹਾਰਟ ਸੁਸਾਇਟੀ ਵੱਲੋਂ ਦਿੜ੍ਹਬਾ ਵਿਖੇ ਇੱਕ ਅਜਿਹਾ ਸਿੱਖਿਆ ਸੰਸਥਾਨ ਸਥਾਪਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰਹੀ, ਸਗੋਂ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਤਰਕਸ਼ੀਲ ਸੋਚ, ਆਤਮ-ਵਿਸ਼ਵਾਸ, ਸੰਚਾਰ ਹੁਨਰ ਅਤੇ ਨੈਤਿਕ ਕਦਰਾਂ ਕੀਮਤਾਂ ਵਿਕਸਤ ਕਰਨਾ ਵੀ ਬੇਹੱਦ ਜ਼ਰੂਰੀ ਹੈ। ਓਐੱਸਡੀ ਨੇ ਦੱਸਿਆ ਕਿ ਸਕੂਲ ਵਿੱਚ ਭਵਿੱਖਮੁਖੀ ਅਤੇ ਮਨੋਰੰਜਕ ਅਕਾਦਮਿਕ ਪ੍ਰੋਗਰਾਮ, ਡਾਂਸ ਤੇ ਮਿਊਜ਼ਿਕ, ਆਰਟ ਤੇ ਕਰਾਫਟ, ਵਿਸ਼ਾਲ ਬਹੁ-ਉਦੇਸ਼ੀ ਮੈਦਾਨ ਸਮੇਤ ਖੇਡਾਂ ਅਤੇ ਗੇਮਜ਼, ਅਤਿ-ਆਧੁਨਿਕ ਸਾਇੰਸ ਲੈਬ, ਇਨਫਰਮੇਸ਼ਨ ਟੈਕਨਾਲੋਜੀ ਲੈਬ, ਲੈਂਗੂਏਜ ਲੈਬ, ਸੁਸੱਜਿਤ ਲਾਇਬ੍ਰੇਰੀ, ਵਿੱਦਿਅਕ ਅਤੇ ਐਕਸਪੋਜ਼ਰ ਵਿਜ਼ਿਟਾਂ ਸਮੇਤ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਨਵੀਨ ਸੋਚ ਨੂੰ ਉਤਸ਼ਾਹਿਤ ਕਰਨ ਲਈ ਨੈੱਟਵਰਕ ਗਤੀਵਿਧੀਆਂ ਅਤੇ ਇਨੋਵੇਸ਼ਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਗੁਣਵੱਤਾਪੂਰਨ ਸਿੱਖਿਆ ਨਾਲ ਹੀ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੜ੍ਹਬਾ ਵਿਖੇ ਅਜਿਹੇ ਸਿੱਖਿਆ ਸੰਸਥਾਨ ਦੀ ਸਥਾਪਨਾ ਨਾਲ ਇਲਾਕੇ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਮਿਆਰੀ ਸਿੱਖਿਆ ਦਾ ਇੱਕ ਹੋਰ ਵਿਕਲਪ ਮਿਲੇਗਾ। ਇਸ ਮੌਕੇ ਐਸਡੀਐਮ ਦਿੜਬਾ ਤਰਸੇਮ ਚੰਦ ਭਾਗਸਰ, ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਅਤੇ ਸੁਨੀਲ ਬਾਂਸਲ ਹਾਜ਼ਰ ਸਨ।