- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੋਗ ਦੀ ਸਾਂਝੀ ਕਲਾਸ ਦਾ ਆਯੋਜਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਯੋਗ ਸੰਸਥਾਨ, ਸੰਗਰੂਰ ਵੱਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਮੰਦਰ ਸ੍ਰੀ ਮਾਂ ਕਾਲੀ ਦੇ ਸ਼ਕਤੀ ਭਵਨ ਵਿਖੇ ਸਵੇਰੇ ਯੋਗ ਦੀ ਸਾਂਝੀ ਕਲਾਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਯੋਗ ਸਾਧਕਾਂ ਨੇ ਭਾਗ ਲਿਆ। ਸਮਾਗਮ ਦੌਰਾਨ ਯੋਗ ਸਾਧਕਾਂ ਅਤੇ ਅਧਿਆਪਕਾਂ ਵੱਲੋਂ ਰੰਗਮੰਚ ’ਤੇ ਰਚਨਾਤਮਕ ਅਤੇ ਪ੍ਰੇਰਨਾਦਾਇਕ ਨਾਟਕਾਂ, ਗੀਤ-ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਯੋਗ ਦੀ ਮਹੱਤਤਾ ਨੂੰ ਦਰਸਾਇਆ ਗਿਆ ਅਤੇ ਹਾਜ਼ਰ ਲੋਕਾਂ ਨੂੰ ਯੋਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਯੋਗ, ਸਿਹਤ, ਸਕਾਰਾਤਮਕ ਸੋਚ ਅਤੇ ਭਾਰਤੀ ਸੱਭਿਆਚਾਰ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ ਗਿਆ।
ਇਸ ਮੌਕੇ ਮੋਦਨ ਸਿੰਘ ਜ਼ਿਲ੍ਹਾ ਸਰਪ੍ਰਸਤ ਭਾਰਤੀ ਯੋਗ ਸੰਸਥਾਨ ਸੰਗਰੂਰ ਨੇ ਸਾਧਕਾਂ ਨੂੰ ਸੰਬੋਧਨ ਕਰਦਿਆਂ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਿਯਮਿਤ ਯੋਗ ਅਭਿਆਸ, ਸੰਤੁਲਿਤ ਜੀਵਨ ਸ਼ੈਲੀ ਅਤੇ ਸਕਾਰਾਤਮਕ ਸੋਚ ਅਪਣਾ ਕੇ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਰਿਆਂ ਨੂੰ ਯੋਗ ਪ੍ਰਤੀ ਜਾਗਰੂਕ ਹੋਣ ਅਤੇ ਆਪਣੀ ਸਿਹਤ ਪ੍ਰਤੀ ਜ਼ਿੰਮੇਵਾਰ ਬਣਨ ਦਾ ਸੰਦੇਸ਼ ਦਿੱਤਾ।
ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਿੰਦਲ ਅਤੇ ਜ਼ਿਲ੍ਹਾ ਉਪ ਪ੍ਰਧਾਨ ਰਵਿੰਦਰ ਨਾਥ ਨੇ ਦੀਵਾਲੀ ਅਤੇ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਦੀਵਾਲੀ ਕੇਵਲ ਬਾਹਰੀ ਰੌਸ਼ਨੀ ਦਾ ਤਿਉਹਾਰ ਹੀ ਨਹੀਂ, ਸਗੋਂ ਆਪਣੇ ਅੰਦਰ ਗਿਆਨ, ਸ਼ਾਂਤੀ, ਸਦਭਾਵਨਾ ਅਤੇ ਸਕਾਰਾਤਮਕਤਾ ਦਾ ਦੀਵਾ ਜਗਾਉਣ ਦਾ ਵੀ ਮੌਕਾ ਹੈ। ਉਨ੍ਹਾਂ ਸਾਰੇ ਸਾਧਕਾਂ ਨੂੰ ਨਿਯਮਿਤ ਯੋਗ ਕਰਨ ਅਤੇ ਆਪਣੇ ਜੀਵਨ ਵਿੱਚ “ਨਿੱਤ ਯੋਗ, ਨਿੱਤ ਦੀਵਾਲੀ” ਦੇ ਸੰਦੇਸ਼ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।ਸਮਾਗਮ ਦੇ ਅੰਤ ਵਿੱਚ ਰਮੇਸ਼ ਕੁਮਾਰ, ਜ਼ਿਲ੍ਹਾ ਮੰਤਰੀ, ਭਾਰਤੀ ਯੋਗ ਸੰਸਥਾਨ ਸੰਗਰੂਰ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਸਾਧਕਾਂ ਅਤੇ ਯੋਗ ਪ੍ਰੇਮੀਆਂ ਦਾ ਧੰਨਵਾਦ ਕੀਤਾ।