- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਹਨਜੀਤ ਸੇ਼ੇਰੋਂ ਦੇ ਹੱਕ ’ਚ ਡਟੀਆਂ ਵਿਰੋਧੀ ਧਿਰਾਂ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਲੋਕ ਮਿਲਣੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀ ਝੰਡੀ ਦਿਖਾਉਣ ਵਾਲੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਆਗੂਆਂ ਨੇ ਉਕਤ ਨੌਜਵਾਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ।
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਤਨਾਮ ਸਿੰਘ ਰੱਤੋਕੇ, ਸਮਾਜਿਕ ਕਾਰਕੁੰਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਤੋਂ ਇਲਾਵਾ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਮੋਹਨਜੀਤ ਸਿੰਘ ਨੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਇਕ ਘਰ ਦੀ ਛੱਤ ਤੇ ਚੜ੍ਹਕੇ ਇਲਾਕੇ ਅੰਦਰ ਨਸ਼ਿਆਂ ਦੇ ਚੱਲ ਰਹੇ ਕਾਲੇ ਕਾਰੋਬਾਰ ਦਾ ਸੱਚ ਉਜਾਗਰ ਕਰਨ ਦਾ ਉਪਰਾਲਾ ਕੀਤਾ ਸੀ, ਪਰ ਪੁਲਿਸ ਨੇ ਮੋਹਨਜੀਤ ਨੂੰ ਜਾ ਕੇ ਦਬੋਚ ਲਿਆ।
ਇਸ ਤੋਂ ਬਾਅਦ ਥਾਣਾ ਚੀਮਾਂ ਦੀ ਪੁਲਿਸ ਨੇ ਉਕਤ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਖ਼ਿਲਾਫ਼ ਲੜਨ ਵਾਲਿਆਂ ’ਤੇ ਪਰਚੇ ਦਰਜ ਕਰ ਰਹੀ ਹੈ, ਜਦਕਿ ਨਸ਼ਾ ਵੇਚਣ ਵਾਲਿਆਂ ਨੂੰ ਕਥਿਤ ਤੌਰ ਤੇ ਟਿਕਟਾਂ ਤੇ ਸਨਮਾਨ ਦਿੱਤੇ ਜਾ ਰਹੇ ਹਨ। ਮੋਹਨਜੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਹੋਈ ਹੈ ਅਤੇ ਉਸ ਦੇ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ ਮੋਹਨਜੀਤ ਖੇਤੀਬਾੜੀ ਦਾ ਕੰਮ ਕਰਦਾ ਹੈ। ਉਕਤ ਆਗੂਆਂ ਨੇ ਆਖਿਆ ਕਿ ਇੱਕ ਪਾਸੇ ਮੁੱਖ ਮੰਤਰੀ ਸਵਾਲ ਪੁੱਛਣ ਦੀ ਵਕਾਲਤ ਕਰਦੇ ਰਹੇ ਪ੍ਰੰਤੂ ਹੁਣ ਆਪ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਡੋਪ ਟੈਸਟ ਜ਼ਰੀਏ ਮੋਹਨਜੀਤ ਨੂੰ ਬਦਨਾਮ ਕਰਨ ਦੇ ਰਾਹ ਤੁਰੀ ਹੋਈ ਹੈ। ਅਜਿਹਾ ਵਰਤਾਰਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣ ਜਾਵੇਗਾ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਮੋਹਨਜੀਤ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਸਰਕਾਰਾਂ ਦਾ ਵਿਰੋਧ ਕਰਨਾ ਜਨਤਾ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਆਖਿਆ ਕਿ ਮੋਹਨਜੀਤ ਦੀ ਬਿਨਾਂ ਸ਼ਰਤ ਰਿਹਾਈ ਲਈ ਪੁਲਿਸ ਖ਼ਿਲਾਫ਼ ਜੋ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।