ਸੂਰ ਦਾ ਮਾਸ ਸਪਲਾਈ ਕਰਨ ਦੇ ਦੋਸ਼ਾਂ ਮਗਰੋਂ ਆਨਲਾਈਨ ਕੰਪਨੀ ਦੇ ਸਟੋਰ ਨੂੰ ਲੱਗਾ ਤਾਲਾ ਸੂਰ ਦਾ ਮਾਸ ਸਪਲਾਈ ਕਰਨ ਦੇ ਦੋਸ਼ਾਂ ਮਗਰੋਂ ਮਾਲੇਰਕੋਟਲਾ ’ਚ ਆਨਲਾਈਨ ਕੰਪਨੀ ਦੇ ਸਟੋਰ ਨੂੰ ਲੱਗਾ ਤਾਲਾ
Publish Date: Fri, 27 Nov 2026 06:28 PM (IST)
Updated Date: Fri, 27 Nov 2026 06:28 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ ਸ਼ਹਿਰ ਵਿੱਚ ਆਨਲਾਈਨ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ ਕਰਨ ਵਾਲੀ ਇੱਕ ਕੰਪਨੀ ਵੱਲੋਂ ਸੂਰ ਦਾ ਮਾਸ ਸਪਲਾਈ ਕੀਤੇ ਜਾਣ ਦੇ ਦੋਸ਼ਾਂ ਮਗਰੋਂ ਮਾਮਲਾ ਭਖ ਗਿਆ। ਵੱਖ-ਵੱਖ ਸਮਾਜਿਕ ਅਤੇ ਸਿਆਸੀ ਆਗੂਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕੰਪਨੀ ਦੇ ਸੱਟਾ ਬਾਜ਼ਾਰ ਨੇੜੇ ਸਥਿਤ ਸਟੋਰ ਨੂੰ ਤਾਲਾ ਲਗਵਾ ਦਿੱਤਾ। ਪੁਲਿਸ ਅਨੁਸਾਰ ਇਹ ਕਦਮ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁਸਲਿਮ-ਸਿੱਖ ਫਰੰਟ ਦੇ ਆਗੂ ਵਸੀਮ ਸ਼ੇਖ, ਮੁਹੰਮਦ ਸ਼ਮਸ਼ਾਦ ਝੋਕ, ਯੂਥ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਮੁਹੰਮਦ ਜਾਵੇਦ, ਕੌਂਸਲਰ ਮੁਹੰਮਦ ਹਬੀਬ, ਰਾਸ਼ਿਦ ਦਿਲਸਾਦ, ਮੁਹੰਮਦ ਯਾਮੀਨ, ਕੌਂਸਲਰ ਬੇਅੰਤ ਕਿੰਗਰ, ਅਬਦੁਲ ਸਕੂਰ ਅਤੇ ਮੁਹੰਮਦ ਬਸ਼ੀਰ ਸਮੇਤ ਹੋਰਨਾਂ ਆਗੂਆਂ ਨੇ ਥਾਣਾ ਸਿਟੀ-1 ਵਿਖੇ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਸਬੰਧਤ ਕੰਪਨੀ ਆਪਣੇ ਮੋਬਾਈਲ ਐਪ ਰਾਹੀਂ ਗਾਹਕਾਂ ਨੂੰ ਸੀਲਬੰਦ ਫਰੋਜ਼ਨ ਸੂਰ ਦਾ ਮਾਸ ਸਪਲਾਈ ਕਰ ਰਹੀ ਹੈ। ਸ਼ਿਕਾਇਤਕਰਤਾ ਆਗੂਆਂ ਦਾ ਕਹਿਣਾ ਸੀ ਕਿ ਮਾਲੇਰਕੋਟਲਾ ਦੀ ਧਾਰਮਿਕ ਅਤੇ ਸਮਾਜਿਕ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਅਜਿਹੀ ਸਪਲਾਈ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਅਤੇ ਸ਼ਹਿਰ ਦੇ ਭਾਈਚਾਰਕ ਮਾਹੌਲ ’ਤੇ ਅਸਰ ਪੈਣ ਦਾ ਖਦਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੰਪਨੀ ਵੱਲੋਂ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਐਪ ਰਾਹੀਂ ਆਰਡਰ ਲੈ ਕੇ ਅਜਿਹੇ ਮੀਟ ਦੀ ਸਪਲਾਈ ਕੀਤੀ ਜਾ ਰਹੀ ਸੀ। ਆਗੂਆਂ ਨੇ ਦੱਸਿਆ ਕਿ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਵੱਲੋਂ ਕੰਪਨੀ ਦੇ ਐਪ ’ਤੇ 15 ਤੋਂ 20 ਮਿੰਟ ਦੇ ਵਕਫ਼ੇ ਨਾਲ ਦੋ ਵਾਰ ਆਰਡਰ ਬੁੱਕ ਕੀਤੇ ਗਏ, ਜਿਨ੍ਹਾਂ ਦੀ ਕੰਪਨੀ ਦੇ ਡਿਲਿਵਰੀ ਕਰਮਚਾਰੀਆਂ ਵੱਲੋਂ ਸਪਲਾਈ ਕੀਤੀ ਗਈ। ਇਸ ਤੋਂ ਬਾਅਦ ਕੰਪਨੀ ਦੇ ਸਟੋਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਗੂਆਂ ਨੇ ਸੀਲਬੰਦ ਫਰੋਜ਼ਨ ਮੀਟ ਦੇ ਪੈਕਟਾਂ ਵਿੱਚ ਸੂਰ ਦਾ ਮਾਸ ਹੋਣ ਦਾ ਦਾਅਵਾ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਸੂਚਨਾ ਮਿਲਣ ’ਤੇ ਥਾਣਾ ਸਿਟੀ-1 ਦੀ ਮੁੱਖ ਅਫ਼ਸਰ ਇੰਸਪੈਕਟਰ ਨਵਦੀਪ ਕੇ. ਚਹਿਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕੰਪਨੀ ਦੇ ਸਟੋਰ ਨੂੰ ਤਾਲਾ ਲਗਵਾ ਦਿੱਤਾ। ਇਸ ਸਬੰਧੀ ਥਾਣਾ ਮੁਖੀ ਨਵਦੀਪ ਕੇ. ਚਹਿਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੇ ਮੱਦੇਨਜ਼ਰ ਸਟੋਰ ਨੂੰ ਬੰਦ ਕਰਵਾਇਆ ਗਿਆ ਹੈ। ਜਾਂਚ ਤੋਂ ਬਾਅਦ ਹੀ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।