'ਕੁਝ ਨਹੀਂ ਮਿਲਿਆ, ਹੁਣ ਸੰਮਨ ਦਾ ਦੇਵਾਂਗੇ ਜਵਾਬ', ਪੰਜਾਬ ’ਚ 8 ਥਾਵਾਂ ’ਤੇ ਛਾਪੇਮਾਰੀ ’ਤੇ ਬੋਲੇ CM ਮਾਨ; CBI ’ਤੇ ਚੁੱਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ’ਚ CBI ਵੱਲੋਂ ਕੀਤੀ ਗਈ ਛਾਪੇਮਾਰੀ ਤੇ ਆਪਣੇ OSD ਨੂੰ ਜਾਰੀ ਕੀਤੇ ਸੰਮਨ ’ਤੇ ਪ੍ਰਤੀਕਿਰਿਆ ਦਿੱਤੀ ਹੈ।
Publish Date: Wed, 07 Oct 2026 01:05 PM (IST)
Updated Date: Wed, 07 Oct 2026 01:09 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ। ਮੰਗਲਵਾਰ ਨੂੰ ਪੰਜਾਬ ਭਰ ’ਚ ਅੱਠ ਥਾਵਾਂ ’ਤੇ ਹੋਈ CBI ਦੀ ਛਾਪੇਮਾਰੀ ਤੇ ਬੁੱਧਵਾਰ ਨੂੰ CBI ਵੱਲੋਂ ਮੁੱਖ ਮੰਤਰੀ ਦੇ OSD ਨੂੰ ਜਾਰੀ ਕੀਤੇ ਸੰਮਨ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ CBI ਭਾਜਪਾ ਦੀ ਕੇਂਦਰ ਸਰਕਾਰ ਦੀ ਕਠਪੁਤਲੀ ਹੈ।
ਮਾਨ ਨੇ ਕਿਹਾ ਕਿ CBI ਨੂੰ ਇਸ ਛਾਪੇਮਾਰੀ ਦੌਰਾਨ ਕੁਝ ਵੀ ਨਹੀਂ ਮਿਲਿਆ। CBI ਕਲੀਨ ਚਿੱਟ ਦੇ ਕੇ ਵਾਪਸ ਜਾਵੇਗੀ। OSD ਨੂੰ ਜਾਰੀ ਕੀਤੇ ਸੰਮਨ ਬਾਰੇ ਮਾਨ ਨੇ ਕਿਹਾ ਕਿ ਨੋਟਿਸ ਦਾ ਜਵਾਬ ਦੇ ਦਿੱਤਾ ਜਾਵੇਗਾ।
ਧੂਰੀ ’ਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਸਬੰਧਤ ਰਾਜ ’ਚ CBI, ED ਸਮੇਤ ਹੋਰ ਕੇਂਦਰੀ ਜਾਂਚ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤਦੀ ਹੈ।
ਭਾਜਪਾ ਕੋਲ ਕੋਈ ਮੁੱਦਾ ਨਹੀਂ: ਮਾਨ ਮਾਨ ਨੇ ਕਿਹਾ ਕਿ ਪੰਜਾਬ ’ਚ CBI ਦੀ ਦਸਤਕ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਸਿਰ ਹੋਣ ਵਾਲੀਆਂ ਹਨ। ਭਾਜਪਾ ਕੋਲ ਪੰਜਾਬ ਦਾ ਕੋਈ ਮੁੱਦਾ ਨਹੀਂ ਹੈ। ਭਾਜਪਾ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਯਾਤਰਾ ਵੀ ਫੇਲ੍ਹ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਦਾਖ਼ਲ ਹੋਣ ਲਈ ਭਾਜਪਾ ਹੁਣ ਉਨ੍ਹਾਂ ਦੇ ਕਰੀਬੀਆਂ, ਰਿਸ਼ਤੇਦਾਰਾਂ, OSD ਤੇ ਮੰਤਰੀਆਂ ਨੂੰ ਬਦਨਾਮ ਕਰਨ ਲਈ ED, CBI ਤੇ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੀ ਹੈ। ਪਰ ਇਸ ਜਾਂਚ ’ਚੋਂ ਕੁਝ ਵੀ ਨਹੀਂ ਨਿਕਲਣ ਵਾਲਾ।
ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਛੱਤੀਸਗੜ੍ਹ, ਬੰਗਾਲ ਤੇ ਦਿੱਲੀ ’ਚ ਵੀ ਭਾਜਪਾ ਇਹੀ ਨੀਤੀ ਅਪਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ ਆਗੂਆਂ ਖ਼ਿਲਾਫ਼ ਦਿੱਲੀ ’ਚ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਚੋਣਾਂ ਤੋਂ ਠੀਕ ਪਹਿਲਾਂ ਜੇਲ੍ਹ ’ਚ ਬੰਦ ਕੀਤਾ ਗਿਆ, ਪਰ ਇਨ੍ਹਾਂ ਮਾਮਲਿਆਂ ’ਚ ਕੁਝ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਅਜਿਹਾ ਹੀ ਹੋਵੇਗਾ।
CBI ’ਚ ਕਈ ਮਾਮਲੇ 20 ਸਾਲਾਂ ਤੋਂ ਲੰਬਿਤ, ਕੋਈ ਕਾਰਵਾਈ ਨਹੀਂ: ਮਾਨ ਮਾਨ ਨੇ ਕਿਹਾ ਕਿ ਭਾਜਪਾ ਬਾਂਹ ਮਰੋੜ ਕੇ ਪੰਜਾਬ ’ਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਪਰ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ ’ਚ ਹੈ, ਪਰ CBI ਨੇ 24 ਘੰਟਿਆਂ ’ਚ ਹੀ ਕਾਰਵਾਈ ਕਰ ਦਿੱਤੀ। ਜਦਕਿ CBI ’ਚ ਕਈ ਮਾਮਲੇ 20-20 ਸਾਲਾਂ ਤੋਂ ਲੰਬਿਤ ਪਏ ਹਨ, ਜਿਨ੍ਹਾਂ ’ਤੇ CBI ਕੋਈ ਕਾਰਵਾਈ ਨਹੀਂ ਕਰ ਰਹੀ।
ਮਾਨ ਨੇ ਤਨਜ਼ ਕਰਦਿਆਂ ਕਿਹਾ ਕਿ ਸ਼ਾਇਦ CBI ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਦੱਸ ਦਿੱਤਾ ਹੋਵੇਗਾ ਕਿ ਉੱਥੇ ਕੁਝ ਨਹੀਂ ਮਿਲਿਆ ਤੇ ਸਾਡਾ ਸਮਾਂ ਹੀ ਖਰਾਬ ਹੋਇਆ।