
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੋਟ: 36 ਨੰਬਰ ਫ਼ਾਇਲ ਅੱਪਡੇਟ ਕਰਕੇ ਭੇਜੀ ਗਈ ਹੈ ਜੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਕੈਰੇ ਨਾਲ ਸਬੰਧਤ 26 ਸਾਲਾ ਨੌਜਵਾਨ ਦੀ ਪਿੰਡ ਭੋਤਨਾ ਵਿਖੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜਗਜੀਵਨ ਸਿੰਘ ਵਜੋਂ ਹੋਈ ਹੈ। ਮਨਪ੍ਰੀਤ ਸਿੰਘ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਜ਼ਿਲ੍ਹਾ ਬਰਨਾਲਾ ਅਦਾਲਤ ’ਚ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਇਸ ਸਬੰਧੀ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਮਨਪ੍ਰੀਤ ਸਿੰਘ ਆਪਣੇ ਇੱਕ ਸਾਥੀ ਸਮੇਤ ਪਿੰਡ ਭੋਤਨਾ ਵਿਖੇ ਬਣੇ ‘ਕੈਰੇ ਪੀਜ਼ਾ’ ’ਤੇ ਗਿਆ ਸੀ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਉੱਥੇ ਬਣ ਰਹੀ ਨਵੀਂ ਇਮਾਰਤ ’ਤੇ ਚੜ੍ਹ ਗਿਆ। ਇਸ ਦੌਰਾਨ ਇਮਾਰਤ ਦੇ ਨੇੜਿਓਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਉਸ ਦਾ ਸਿਰ ਟਕਰਾਅ ਗਿਆ, ਜਿਸ ਕਾਰਨ ਉਹ ਕਰੰਟ ਦੀ ਲਪੇਟ ’ਚ ਆ ਗਿਆ। ਘਟਨਾ ਤੋਂ ਬਾਅਦ ਪੀਜ਼ਾ ਮਾਲਕਾਂ ਵੱਲੋਂ ਮਨਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮਨਪ੍ਰੀਤ ਸਿੰਘ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਨਾਲ ਪਿੰਡ ਕੈਰੇ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।