ਤਪਾ ’ਚ 200 ਲੀਟਰ ਤੇਲ ਕੀਤਾ ਸੀਲ, ਫੂਡ ਸੇਫ਼ਟੀ ਵਿਭਾਗ ਦੀ ਵੱਡੀ ਕਾਰਵਾਈ ਨੋਟ: 30 ਨੰਬਰ ਫ਼ਾਇਲ ਅੱਪਡੇਟ ਕਰਕੇ ਭੇਜੀ ਗਈ ਹੈ ਜੀ
Publish Date: Sun, 27 Sep 2026 07:42 PM (IST)
Updated Date: Mon, 28 Sep 2026 04:09 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਜਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ‘ਚ ਖੁਰਾਕ ਸੁਰੱਖਿਆ ਵਿਭਾਗ ਨੇ ਵਿਭਾਗੀ ਕਾਰਵਾਈ ਤਹਿਤ 200 ਲੀਟਰ ਦੇ ਕਰੀਬ ਤੇਲ ਸੀਲ ਕੀਤਾ ਹੈ। ਫੂਲ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਨੇ ਇਸ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਤਿਉਹਾਰਾਂ ਦੇ ਮੱਦੇਨਜ਼ਰ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਵਿਭਾਗ ਦੀ ਸੈਂਪਲਿੰਗ ਟੀਮ ਦੇ ਤਪਾ ਸ਼ਹਿਰ ’ਚ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ। ਦੇਖਦਿਆਂ ਹੀ ਦੇਖਦਿਆਂ ਬਾਜ਼ਾਰ ਦੇ ਵੱਡੇ ਹਿੱਸੇ ਦੀਆਂ ਦੁਕਾਨਾਂ ਬੰਦ ਹੋ ਗਈਆਂ। ਫੂਡ ਸੇਫਟੀ ਅਫ਼ਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਟੀਮ ਵੱਲੋਂ ਸਰ੍ਹੋਂ ਦੇ ਤੇਲ ਦੇ ਸੈਂਪਲ ਲਏ ਗਏ। ਇਸ ਦੌਰਾਨ ਇੱਕ ਥਾਂ ’ਤੇ ਸਰ੍ਹੋਂ ਦੇ ਤੇਲ ਦੀ ਪੈਕਿੰਗ ਦਾ ਸੈਂਪਲ ਲੈਣ ਤੋਂ ਬਾਅਦ 200 ਲੀਟਰ ਤੋਂ ਵੱਧ ਤੇਲ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਾਰੋਬਾਰ ਰਿਹਾਇਸ਼ੀ ਇਲਾਕੇ ’ਚ ਚਲਾਇਆ ਜਾ ਰਿਹਾ ਸੀ ਤੇ ਸੰਚਾਲਕ ਕੋਲ ਲੋੜੀਂਦਾ ਲਾਇਸੈਂਸ ਵੀ ਨਹੀਂ ਸੀ। ਤੇਲ ਦੀਆਂ ਬੋਤਲਾਂ ’ਤੇ ਬਠਿੰਡਾ ਦੀ ਅਨਾਜ ਮੰਡੀ ਦਾ ਪਤਾ ਦਰਜ ਕਰਕੇ ਪੈਕਿੰਗ ਕੀਤੀ ਜਾ ਰਹੀ ਸੀ। ਤੇਲ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ ਅਤੇ ਜੇਕਰ ਸੈਂਪਲ ਫੇਲ੍ਹ ਪਾਏ ਜਾਂਦੇ ਹਨ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਮਿਲਾਵਟੀ ਖਾਧ ਪਦਾਰਥ ਨਾ ਵੇਚਿਆ ਜਾਵੇ, ਨਹੀਂ ਤਾਂ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਸ਼ਹਿਰ ’ਚ ਸਰ੍ਹੋਂ ਦੇ ਤੇਲ ਦੀ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਲੋਕਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਘਰਾਂ ’ਚ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਤੇਲ ਦੀ ਪੈਕਿੰਗ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।