ਆਰੀਆਭੱਟਾ ਇੰਟਰਨੈਸ਼ਨਲ ਸਕੂਲ ਨੇ ਕੌਮੀ ਪ੍ਰੈੱਸ ਦਿਵਸ ਮਨਾਇਆ ਨੋਟ 24 ਨੰਬਰ ਫ਼ਾਇਲ ਅੱਪਡੇਟ ਕਰਕੇ ਭੇਜੀ ਗਈ ਹੈ ਜੀ।
Publish Date: Wed, 18 Nov 2026 07:34 PM (IST)
Updated Date: Wed, 18 Nov 2026 07:36 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਆਰੀਆਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਰਾਸ਼ਟਰੀ ਪ੍ਰੈੱਸ ਦਿਵਸ ਬੜੇ ਉਤਸ਼ਾਹ, ਮਾਣ ਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਸਮਾਜ ’ਚ ਪੱਤਰਕਾਰੀ ਦੇ ਮਹੱਤਵ, ਸੁਤੰਤਰ ਤੇ ਨਿਰਪੱਖ ਪੱਤਰਕਾਰੀ ਤੇ ਲੋਕਤੰਤਰ ’ਚ ਮੀਡੀਆ ਦੀ ਅਹਿਮ ਭੂਮਿਕਾ ਨੂੰ ਸਮਰਪਿਤ ਰਿਹਾ। “ਇੱਕ ਸੱਚਾ ਪੱਤਰਕਾਰ ਸਿਰਫ਼ ਖ਼ਬਰਾਂ ਨਹੀਂ ਲਿਖਦਾ, ਸਗੋਂ ਆਪਣੇ ਸ਼ਬਦਾਂ, ਹਿੰਮਤ, ਨਿਰਪੱਖ ਸੋਚ ਤੇ ਕਲਮ ਦੀ ਤਾਕਤ ਨਾਲ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦਾ ਤੇ ਸੱਚਾਈ ਨੂੰ ਆਵਾਜ਼ ਦਿੰਦਾ ਹੈ।” ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਸਕੂਲ ਵੱਲੋਂ ਇਸ ਵਿਸ਼ੇਸ਼ ਮੌਕੇ ’ਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਪ੍ਰਸਿੱਧ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਪੱਤਰਕਾਰੀ ਦੇ ਮਹੱਤਵ, ਸਮਾਜ ਪ੍ਰਤੀ ਮੀਡੀਆ ਦੀ ਜ਼ਿੰਮੇਵਾਰੀ ਅਤੇ ਸੱਚਾਈ ਤੇ ਨਿਰਪੱਖਤਾ ਦੇ ਮੁੱਲਾਂ ਨੂੰ ਉਜਾਗਰ ਕੀਤਾ। ਇਸ ਵਿਸ਼ੇਸ਼ ਮੌਕੇ ’ਤੇ ਹਾਜ਼ਰ ਪੱਤਰਕਾਰਾਂ ’ਚ ਯਾਦਵਿੰਦਰ ਸਿੰਘ ਭੁੱਲਰ, ਨਰਿੰਦਰ ਅਰੋੜਾ, ਚੇਤਨ ਸ਼ਰਮਾ, ਆਸ਼ੂ ਸਿੰਗਲਾ, ਧਰਮਪਾਲ ਸਿੰਗਲਾ, ਨਵਦੀਪ ਸੇਖਾ ਤੇ ਰਾਮ ਸਿੰਘ ਧਨੌਲਾ ਸ਼ਾਮਲ ਰਹੇ। ਸਮਾਗਮ ਦਾ ਮੁੱਖ ਆਕਰਸ਼ਣ ਪੱਤਰਕਾਰਾਂ ਨਾਲ ਕਰਵਾਇਆ ਗਿਆ ਵਿਸ਼ੇਸ਼ ਸੰਵਾਦ ਸੈਸ਼ਨ ਰਿਹਾ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜਰਬੇ, ਪੱਤਰਕਾਰੀ ਦੇ ਖੇਤਰ ’ਚ ਆਉਣ ਵਾਲੀਆਂ ਚੁਣੌਤੀਆਂ, ਸੰਘਰਸ਼ਾਂ ਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੱਤਰਕਾਰ ਆਪਣੀ ਲੇਖਣੀ, ਖੋਜੀ ਸੋਚ, ਨਿਰਪੱਖਤਾ ਤੇ ਨਿਡਰਤਾ ਰਾਹੀਂ ਸਮਾਜ ਦੀ ਆਵਾਜ਼ ਬਣ ਕੇ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਉਣ ਅਤੇ ਜਨ-ਜਾਗਰੂਕਤਾ ਫੈਲਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਪੱਤਰਕਾਰਾਂ ਨੂੰ ਵੱਖ-ਵੱਖ ਸਵਾਲ ਪੁੱਛੇ ਤੇ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਮੁੱਲੀ ਸਿੱਖਿਆ ਪ੍ਰਾਪਤ ਕੀਤੀ। ਪ੍ਰਿੰਸੀਪਲ ਮਾਨਸੀ ਸਿੰਘਲ ਨੇ ਪੱਤਰਕਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੇ ਸਮਰਪਣ, ਹਿੰਮਤ, ਨਿਰਪੱਖਤਾ ਤੇ ਸਮਾਜ ਪ੍ਰਤੀ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਪੇਸ਼ ਕਰਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਸੱਚਾਈ ਨੂੰ ਉਜਾਗਰ ਕਰਨ ਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਇੱਕ ਸ਼ਕਤੀਸ਼ਾਲੀ ਥੰਮ੍ਹ ਹੈ। ਉਨ੍ਹਾਂ ਨੇ ਸਕੂਲ ਦੇ ਸੱਦੇ ਨੂੰ ਸਵੀਕਾਰ ਕਰਕੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਸਾਰੇ ਪੱਤਰਕਾਰਾਂ ਦਾ ਦਿਲੋਂ ਧੰਨਵਾਦ ਕੀਤਾ। ਅਕਾਦਮਿਕ ਕੋਆਰਡੀਨੇਟਰ ਮਨਪ੍ਰੀਤ ਚਾਵਲਾ ਨੇ ਵੀ ਸਾਰੇ ਪੱਤਰਕਾਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸੰਵਾਦਾਤਮਕ ਸਮਾਗਮ ਵਿਦਿਆਰਥੀਆਂ ਦੇ ਗਿਆਨ ਤੇ ਸੋਚ ਦੇ ਦਾਇਰੇ ਨੂੰ ਵਿਸ਼ਾਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ਨੂੰ ਸੁਚੱਜੇ ਅਤੇ ਸਫਲ ਢੰਗ ਨਾਲ ਨੇਪਰੇ ਚਾੜ੍ਹਨ ’ਚ ਅਮਰਪ੍ਰੀਤ ਕੌਰ, ਸ਼ਿੰਦਰਪਾਲ ਕੌਰ, ਧਰਮਜੀਤ ਕੌਰ, ਅਮਨਦੀਪ ਤੇ ਸ਼ਿਖਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਸਾਰਿਆਂ ਨੇ ਪੂਰੀ ਲਗਨ, ਮਿਹਨਤ ਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਸਮਾਗਮ ਦੀ ਯੋਜਨਾਬੰਦੀ ਤੋਂ ਲੈ ਕੇ ਇਸ ਦੇ ਸਫਲ ਲਈ ਅਹਿਮ ਭੂਮਿਕਾ ਅਦਾ ਕੀਤੀ।