- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌ ਦਿਨਾਂ ਤੋਂ ਲਾਪਤਾ ਠੇਕੇਦਾਰ ਦੀ ਨਹੀਂ ਲੱਗਾ ਕੋਈ ਸੁਰਾਗ

ਪਰਿਵਾਰ ਨੇ ਲਾਏ ਪੁਲਿਸ ’ਤੇ ਕਰਵਾਈ ਨਾ ਕਰਨ ਦੇ ਦੋਸ਼
ਕਰਨਵੀਰ ਸਿੰਘ, ਪੰਜਾਬੀ ਜਾਗਰਣ,
ਲੌਂਗੋਵਾਲ : ਸਥਾਨਕ ਬੀਬੀ ਭਾਨੀ ਸਕੂਲ ਦੇ ਨਜ਼ਦੀਕ ਰਹਿਣ ਵਾਲੇ ਠੇਕੇਦਾਰ ਸੁਖਦੇਵ ਸਿੰਘ ਦੇ ਲਾਪਤਾ ਹੋਣ ਦੇ ਨੌ ਦਿਨ ਬਾਅਦ ਵੀ ਕੋਈ ਉੱਘ ਸੁੱਘ ਨਹੀਂ ਮਿਲੀ। ਇਸ ਸਬੰਧੀ ਲਾਪਤਾ ਸੁਖਦੇਵ ਸਿੰਘ ਦੀ ਪਤਨੀ ਜਸਬੀਰ ਕੌਰ ਅਤੇ ਉਸ ਦੇ ਸਪੁੱਤਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ 8 ਅਕਤੂਬਰ ਨੂੰ ਜਦੋ ਅਸੀਂ ਸਵੇਰੇ 5 ਵਜੇ ਦੇ ਕਰੀਬ ਉੱਠੇ ਤਾਂ ਮੇਰੇ ਪਤੀ ਸੁਖਦੇਵ ਸਿੰਘ ਘਰ ਵਿੱਚ ਨਹੀਂ ਸਨ। ਉਸ ਤੋਂ ਬਾਅਦ ਅਸੀਂ ਭਾਲ਼ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਵਿੱਚੋਂ ਪਤਾ ਲੱਗਿਆ ਕਿ ਮੇਰੇ ਪਤੀ ਵੱਲੋਂ ਫੇਸਬੁਕ ਪੇਜ ’ਤੇ ਰੋਂਦੇ ਹੋਏ ਇੱਕ ਵੀਡੀਓ ਪਾਈ ਹੈ, ਜਿਸ ’ਚ ਉਨ੍ਹਾਂ ਵਲੋਂ ਇਹ ਕਿਹਾ ਗਿਆ ਕਿ ਮੈਂ ਲੌਂਗੋਵਾਲ ਪੀਰਖਾਨਾ ਰੋਡ ’ਤੇ ਵਰੁਨ ਜਿੰਦਲ ਪੁੱਤਰ ਅਸ਼ੋਕ ਕੁਮਾਰ ਦੀ ਮੈਦਾ ਫੈਕਟਰੀ ਬਣਾਈ ਹੈ, ਉਨ੍ਹਾਂ ਵੱਲੋਂ ਮੈਨੂੰ ਮੇਰੇ ਪੈਸੇ ਨਹੀਂ ਦਿੱਤੇ ਗਏ ।
ਇਸ ਤਰ੍ਹਾਂ ਮੇਰੇ ਵਲੋਂ ਸੁਨਾਮ ਅਨਮੋਲ ਮੈਦਾ ਮਿੱਲ ਬਣਾਈ ਹੈ, ਉੱਥੇ ਮੇਰਾ ਦੋ ਸਾਲ ਕੰਮ ਚਲਦਾ ਰਿਹਾ ਪਰ ਉਨ੍ਹਾਂ ਵਲੋਂ ਵੀ ਪੈਸੇ ਨਹੀਂ ਦਿੱਤੇ ਅਤੇ ਮੇਰਾ ਧੂਰੀ ਕੰਮ ਚੱਲਦਾ, ਉਨ੍ਹਾਂ ਨੇ ਨਾਲ਼ੇ ਮੇਰਾ ਸਾਮਾਨ ਰੱਖ ਲਿਆ ਅਤੇ ਪੇਮੈਂਟ ਨਹੀਂ ਦਿੱਤੀ ਜਿਹੜੀ ਲੇਬਰ ਦੇ ਮੈਂ ਪੈਸੇ ਦੇਣੇ ਹਨ,ਉਹ ਮੇਰੇ ਘਰ ਗੇੜੇ ਮਾਰਦੇ ਹਨ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਪੰਚਾਇਤ ਰਾਹੀਂ ਵੀ ਪੈਸਿਆਂ ਦੀ ਮੰਗ ਕੀਤੀ ਗਈ, ਉਪਰੰਤ ਐੱਸ.ਐੱਸ.ਪੀ. ਸੰਗਰੂਰ ਕੋਲ਼ ਵੀ ਗਿਆ, ਉਨ੍ਹਾਂ ਵਲੋਂ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਕਰਕੇ ਮੈਂ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰ ਰਿਹਾ ਹਾਂ। ਜਸਬੀਰ ਕੌਰ ਦਾ ਕਹਿਣਾ ਹੈ ਇਹ ਅਸੀਂ 8 ਅਕਤੂਬਰ ਤੋਂ ਲੈ ਕੇ ਸਾਰੀਆਂ ਰਿਸ਼ਤੇਦਾਰੀਆਂ ਅਤੇ ਨਹਿਰਾਂ ਦੇ ਆਲ਼ੇ-ਦੁਆਲ਼ੇ ਭਾਲ਼ ਕਰਕੇ ਥੱਕ ਚੁੱਕੇ ਹਾਂ ਪਰ ਪੁਲਿਸ ਪ੍ਰਸ਼ਾਸਨ ਦੇ ਵਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅਤੇ ਉਸਦੇ ਪੁੱਤਰ ਗਗਨਦੀਪ ਸਿੰਘ ਦਾ ਕਹਿਣਾ ਮੈਂ ਹਰ ਰੋਜ ਪੰਚਾਇਤ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਹਾਂ ਅਤੇ ਉਥੋਂ ਨਿਰਾਸ਼ ਹੋ ਕੇ ਵਾਪਸ ਫਿਰ ਘਰ ਆ ਜਾਂਦਾ ਹਾਂ। ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਲਾਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਖੰਗਲਿਆ ਜਾ ਰਿਹਾ ਹੈ।