- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਚਐਮ ਮੁਲਾਜ਼ਮਾਂ ਵੱਲੋਂ ਹਲਕਾ ਵਿਧਾਇਕ ਦੇ ਦਫ਼ਤਰ ਦਾ ਘਿਰਾਓ, ਮੰਗ ਪੱਤਰ ਸੌਂਪਿਆ

ਮੰਗਾਂ ਨਾ ਮੰਨਣ ’ਤੇ ਧੂਰੀ ’ਚ ਮੁੱਖ ਮੰਤਰੀ ਖ਼ਿਲਾਫ਼ ਰੈਲੀ ਦਾ ਐਲਾਨ
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ,
ਅਮਰਗੜ੍ਹ : ਐਨਐਚਐਮ ਇੰਪਲੋਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹੇ ਦੇ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਹਲਕਾ ਵਿਧਾਇਕ ਨੂੰ ਸੌਂਪਿਆ ਗਿਆ ਅਤੇ ਸਰਕਾਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਦੀ ਆਵਾਜ਼ ਪਹੁੰਚਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਐਨਐਚਐਮ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕੋਵਿਡ-19 ਮਹਾਂਮਾਰੀ ਸਮੇਤ ਵੱਖ-ਵੱਖ ਸਿਹਤ ਮੁਹਿੰਮਾਂ ਅਤੇ ਸਰਕਾਰੀ ਸਿਹਤ ਪ੍ਰੋਗਰਾਮਾਂ ਦੌਰਾਨ ਐੱਨਐੱਚਐੱਮ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਈਆਂ ਹਨ। ਇਸ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੁਣ ਤੱਕ 53 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਦੇ ਬਾਵਜੂਦ ਐੱਨਐੱਚਐੱਮ ਮੁਲਾਜ਼ਮਾਂ ਦੀ ਇੱਕ ਵੀ ਮੁੱਖ ਮੰਗ ਨੂੰ ਸਰਕਾਰ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਮੰਗਾਂ ਦੇ ਸਥਾਈ ਅਤੇ ਸਾਰਥਕ ਹੱਲ ਲਈ ਕੋਈ ਠੋਸ ਕਾਰਵਾਈ ਕੀਤੀ ਗਈ ਹੈ।
ਯੂਨੀਅਨ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਪਿਛਲੇ ਦਿਨੀਂ ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਮੀਟਿੰਗ ਵਿੱਚ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਦੇ ਹੱਲ ਲਈ ਐੱਨਐੱਚਐੱਮ ਇੰਪਲਾਇਜ ਵੈਲਫੇਅਰ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਵਿਚਾਰ ਕਰਕੇ ਉਨ੍ਹਾਂ ਦੇ ਹੱਲ ਲਈ ਕਾਰਵਾਈ ਕੀਤੀ ਜਾਣੀ ਸੀ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪੰਜਾਬ ਵੱਲੋਂ ਇਸ ਸਬੰਧੀ 15 ਦਿਨਾਂ ਦੀ ਡੈਡਲਾਈਨ ਦਿੱਤੀ ਗਈ ਸੀ, ਪਰ ਡੈਡਲਾਈਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਐੱਨਐੱਚਐੱਮ ਇੰਪਲਾਈਜ਼ ਵੈਲਫੇਅਰ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਇਸ ਕਾਰਨ ਐੱਨਐੱਚਐੱਮ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਮੁਲਾਜ਼ਮਾਂ ਨੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਮੰਤਰੀਆਂ ਦੇ ਧਿਆਨ ਵਿੱਚ ਲਿਆਉਣ ਅਤੇ ਵਿਧਾਨ ਸਭਾ ਅਤੇ ਸਰਕਾਰ ਦੇ ਪੱਧਰ ’ਤੇ ਐੱਨਐੱਚਐੱਮ ਮੁਲਾਜ਼ਮਾਂ ਦੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦ ਕੋਈ ਸਾਰਥਕ ਪਹਿਲਕਦਮੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਵਿੱਤ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਸਬੰਧਤ ਹਲਕਾ ਵਿਧਾਇਕਾਂ ਦਾ ਵੱਖ-ਵੱਖ ਥਾਵਾਂ ’ਤੇ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਤੇ ਡਾ. ਅਮ੍ਰਿਤਪਾਲ ਸਿੰਘ, ਡਾ. ਕਮਲਪ੍ਰੀਤ, ਡਾ. ਨਿਸ਼ਾਤ, ਲਖਵਿੰਦਰ ਸਿੰਘ, ਗਗਨ ਸਿੰਗਲਾ, ਨੀਰੂ, ਸਤਨਾਮ ਸਿੰਘ ਨਗੀਨਾ,ਕੁਲਵੀਰ ਕੌਰ ਹਾਜਰ ਸਨ।