ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ‘ਹਮ ਐਸੇ ਅਪਰਾਧੀ’ ’ਤੇ ਗੋਸ਼ਟੀ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ‘ਹਮ ਐਸੇ ਅਪਰਾਧੀ’ ’ਤੇ ਗੋਸ਼ਟੀ ਕਰਵਾਈ
Publish Date: Sun, 27 Sep 2026 04:59 PM (IST)
Updated Date: Mon, 28 Sep 2026 04:01 AM (IST)
ਨਾਵਲਕਾਰ ਬਸੰਤ ਕੁਮਾਰ ਰਤਨ ਨੂੰ ਕੀਤਾ ਯਾਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਨਾਵਲਕਾਰ ਬਸੰਤ ਕੁਮਾਰ ਰਤਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਹਰਿਭਗਵਾਨ ਸ਼ਰਮਾ ਨੇ ਕੀਤੀ। ਇਸ ਮੌਕੇ ਡਾ. ਹਰਿਭਗਵਾਨ ਸ਼ਰਮਾ ਨੇ ਬਸੰਤ ਕੁਮਾਰ ਰਤਨ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਬਹੁਤ ਹੀ ਸਾਦਗੀ ਭਰਿਆ ਜੀਵਨ ਬਤੀਤ ਕੀਤਾ ਤੇ ਆਪਣੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਦਿਆਂ ਉਨ੍ਹਾਂ ਨੂੰ ਸਾਹਿਤ ਨਾਲ ਜੋੜਿਆ। ਬਸੰਤ ਕੁਮਾਰ ਰਤਨ ਦੇ ਜੁੰਡੀ ਦੇ ਯਾਰ ਵਿਨੋਦ ਅਨੀਕੇਤ ਨੇ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਮੁੱਚੇ ਨਾਵਲਾਂ ਨੂੰ ਇੱਕ ਜਿਲਦ ਵਿੱਚ ਪ੍ਰਕਾਸ਼ਿਤ ਕਰਵਾਉਣ ਦਾ ਵਾਅਦਾ ਕੀਤਾ। ਸਮਾਗਮ ਦੇ ਅਗਲੇ ਪੜਾਅ ’ਚ ਨਾਵਲਕਾਰ ਅਜਮੇਰ ਸਿੰਘ ਦੀਵਾਨਾ ਦੇ ਨਾਵਲ ‘ਹਮ ਐਸੇ ਅਪਰਾਧੀ’ ’ਤੇ ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਡਾ. ਰਾਮਪਾਲ ਸਿੰਘ ਸ਼ਾਹਪੁਰੀ ਨੇ ਪ੍ਰੋ. ਪਰਮਪਾਲ ਸਿੰਘ ਬਾਦਲ ਵੱਲੋਂ ਲਿਖਿਆ ਪਰਚਾ ਪੜ੍ਹਿਆ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਨਾਵਲ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਨਾਵਲ ਵਿੱਚ ਇਤਿਹਾਸਕ ਅਤੇ ਮਿਥਿਹਾਸਕ ਜਾਣਕਾਰੀ ਦੇ ਨਾਲ-ਨਾਲ 1947 ਦੀ ਵੰਡ ਦੇ ਦੁਖਾਂਤ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਨਾਵਲ ਵਿੱਚ ਇਤਿਹਾਸ ਅਤੇ ਮਿਥਿਹਾਸ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਕਈ ਪ੍ਰਚਲਿਤ ਮਿੱਥਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਨਾਮਕਰਨ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਨਾਵਲ ਵਿੱਚੋਂ ਮਿਲਦੀ ਹੈ। ਇਸ ਮੌਕੇ ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਸਿੰਘ ਬੇਦੀ, ਕਹਾਣੀਕਾਰ ਪਵਨ ਪਰਿੰਦਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਇੰਜ. ਗੁਰਜਿੰਦਰ ਸਿੰਘ ਸਿੱਧੂ, ਲਛਮਣ ਦਾਸ ਮੁਸਾਫ਼ਰ, ਡਾ. ਸੁਰਿੰਦਰ ਭੱਠਲ, ਅਰੁਣ ਕੁਮਾਰ ਸ਼ਰਮਾ, ਮਧੂ ਕੌਸ਼ਲ, ਸੁਮੇਧਾ ਰਤਨ ਅਤੇ ਡਾ. ਅਨਿਲ ਸ਼ੋਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਰਾਮ ਸਰੂਪ ਸ਼ਰਮਾ, ਤੇਜਿੰਦਰ ਚੰਡਿਹੋਕ, ਸੁਦਰਸ਼ਨ ਕੁਮਾਰ ਗੁੱਡੂ, ਲੈਕਚਰਾਰ ਗੁਰਚਰਨ ਸਿੰਘ, ਮੇਜਰ ਸਿੰਘ ਸਹੌਰ, ਰਾਮ ਸਿੰਘ ਬੀਹਲਾ, ਹਾਕਮ ਸਿੰਘ ਰੂੜੇਕੇ, ਪਾਲ ਸਿੰਘ ਲਹਿਰੀ, ਹਰਪ੍ਰੀਤ ਸਿੰਘ ਜਟਾਣਾ, ਰਮਨ ਧਾਲੀਵਾਲ, ਅੰਜਨਾ ਮੈਨਨ, ਪਰਮਜੀਤ ਸਿੰਘ ਰਾਜਗੜ੍ਹ ਅਤੇ ਕਰਮਿੰਦਰ ਸਿੰਘ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਹਾਜ਼ਰੀ ਲਵਾਈ। ਅੰਤ ਵਿੱਚ ਨਾਵਲਕਾਰ ਅਜਮੇਰ ਸਿੰਘ ਦੀਵਾਨਾ ਅਤੇ ਬਸੰਤ ਕੁਮਾਰ ਰਤਨ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਨਮਾਨਿਤ ਕੀਤਾ ਗਿਆ।