ਬਰਨਾਲਾ ਦੇ ਆਦਰਸ਼ ਸਕੂਲ ’ਚ 11ਵੀਂ ਦੇ ਵਿਦਿਆਰਥੀ ਨੂੰ ਪੇਪਰਾਂ ’ਚ ਬੈਠਣ ਤੋਂ ਰੋਕਿਆ ਬਰਨਾਲਾ ਦੇ ਆਦਰਸ਼ ਸਕੂਲ 'ਚ ਗਿਆਰਵੀਂ ਦੇ ਵਿਦਿਆਰਥੀ ਨੂੰ ਪੇਪਰਾਂ 'ਚ ਬੈਠਣ ਤੋਂ ਰੋਕਿਆ
Publish Date: Tue, 15 Sep 2026 07:49 PM (IST)
Updated Date: Wed, 16 Sep 2026 04:09 AM (IST)
-- ਮਾਪਿਆਂ ਨੇ ਸਿੱਖਿਆ ਵਿਭਾਗ ਤੇ ਮੀਡੀਆ ਦਾ ਖੜਕਾਇਆ ਦਰ, ਅੱਜ ਪੇਪਰ ’ਚ ਬੈਠੇਗਾ ਹਰਮਨ : ਡੀਈਓ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਰਾਜ ’ਚ ‘ਸਿੱਖਿਆ ਕ੍ਰਾਂਤੀ’ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਸਥਿਤ ਆਦਰਸ਼ ਸਕੂਲ ਵਿਖੇ ਪ੍ਰਿੰਸੀਪਲ ਦੀ ਕਥਿਤ ਅੜਬਾਈ ਕਾਰਨ ਗਿਆਰਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਪ੍ਰੀਖਿਆ ’ਚ ਬੈਠਣ ਤੋਂ ਰੋਕਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਛੇ ਮਹੀਨਿਆਂ ਦੇ ਅੰਦਰ ਅਜਿਹੀ ਦੂਜੀ ਘਟਨਾ ਵਾਪਰੀ ਹੈ, ਜਿਸ ਨਾਲ ਸਰਕਾਰੀ ਸਿੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ------------ ਸਾਰਾ ਟੱਬਰ ਹੱਥ ਜੋੜਦੈ, ਬੱਚੇ ਦੇ ਪੇਪਰ ਦਵਾ ਦਿਓ! ਮੀਡੀਆ ਨੂੰ ਆਪਣੀ ਵਿਥਿਆ ਸੁਣਾਉਂਦਿਆਂ ਪੀੜਤ ਵਿਦਿਆਰਥੀ ਹਰਮਨ ਸਿੰਘ ਵਾਸੀ ਧਨੌਲਾ ਦੀ ਮਾਤਾ ਪ੍ਰੀਆ ਰਾਣੀ ਤੇ ਚਾਚਾ ਬਲਜੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਸਕੂਲ ਚ ਹੋਈ ਇੱਕ ਮਾਮੂਲੀ ਘਟਨਾ ਨੂੰ ਆਧਾਰ ਬਣਾ ਕੇ ਪ੍ਰਿੰਸੀਪਲ ਸੰਦੇਸ਼ ਸਿੰਗਲਾ ਨੇ 9 ਸਤੰਬਰ ਨੂੰ 11ਵੀਂ ਜਮਾਤ ਦੇ ਪਹਿਲੇ ਪ੍ਰੀਖਿਆ ਹਿਸਟਰੀ ਤੇ 11 ਸਤੰਬਰ ਨੂੰ ਦੂਜੇ ਪ੍ਰੀਖਿਆ ’ਚ ਬੱਚੇ ਨੂੰ ਬੈਠਣ ਨਹੀਂ ਦਿੱਤਾ। ਪਰਿਵਾਰ ਅਨੁਸਾਰ ਉਹ ਸਕੂਲ ਪ੍ਰਬੰਧਕ ਕਮੇਟੀ, ਕਲਾਸ ਇੰਚਾਰਜ ਅਰੁਣ ਕੁਮਾਰ ਤੇ ਪ੍ਰਿੰਸੀਪਲ ਅੱਗੇ ਹੱਥ ਜੋੜ ਕੇ ਮਿੰਨਤਾਂ ਕਰਦੇ ਰਹੇ ਕਿ ਜੇਕਰ ਬੱਚੇ ਤੋਂ ਅਣਜਾਣੇ ’ਚ ਕੋਈ ਗਲਤੀ ਹੋਈ ਹੈ ਤਾਂ ਮਾਫ਼ ਕੀਤਾ ਜਾਵੇ, ਪਰ ਪ੍ਰਿੰਸੀਪਲ ਨੇ ਆਪਣੀ ਜ਼ਿੱਦ ਪਗਾਉਂਦਿਆਂ ਬੱਚੇ ਨੂੰ ਸਕੂਲ ਚੋਂ ਕੱਢਣ ਦੀ ਧਮਕੀ ਦਿੱਤੀ। --------- ਵਿਦਿਆਰਥੀ ਦੇ ਹੱਕ ’ਚ ਨਿੱਤਰਿਆ ਇੰਚਾਰਜ ਇਸ ਮਾਮਲੇ ’ਚ ਕਲਾਸ ਇੰਚਾਰਜ ਅਧਿਆਪਕ ਅਰੁਣ ਕੁਮਾਰ ਨੇ ਲਾਈਵ ਗੱਲਬਾਤ ਦੌਰਾਨ ਵਿਦਿਆਰਥੀ ਦਾ ਪੱਖ ਪੂਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਬੱਚੇ ਦਾ ਰਿਕਾਰਡ ਸਾਫ਼ ਰਿਹਾ ਹੈ ਤੇ ਉਸ ਨੇ ਕੋਈ ਅਜਿਹੀ ਗਲਤੀ ਨਹੀਂ ਕੀਤੀ ਜਿਸ ਲਈ ਉਸ ਦਾ ਭਵਿੱਖ ਖ਼ਰਾਬ ਕੀਤਾ ਜਾਵੇ। ਇੱਥੋਂ ਤੱਕ ਕਿ ਦੂਜੇ ਧਿਰ ਦੇ ਵਿਦਿਆਰਥੀ ਅਨਮੋਲ ਤੇ ਉਸ ਦੇ ਪਰਿਵਾਰ ਨੇ ਵੀ ਪ੍ਰਿੰਸੀਪਲ ਨੂੰ ਹਰਮਨ ਨੂੰ ਪੇਪਰ ’ਚ ਬੈਠਣ ਦੇਣ ਦੀ ਅਪੀਲ ਕੀਤੀ ਸੀ। -------- ਸਕੂਲ ’ਚ ਬਾਹਰੀ ਵਿਅਕਤੀ ਲਿਆਉਣ ’ਤੇ ਹੋਈ ਕਾਰਵਾਈ : ਪ੍ਰਿੰਸੀਪਲ ਦੂਜੇ ਪਾਸੇ ਪ੍ਰਿੰਸੀਪਲ ਸੰਦੇਸ਼ ਸਿੰਗਲਾ ਦਾ ਕਹਿਣਾ ਹੈ ਕਿ ਉਕਤ ਵਿਦਿਆਰਥੀ ਬਾਰਹੋਂ ਕੁਝ ਬਾਹਰੀ ਵਿਅਕਤੀਆਂ ਨੂੰ ਨਾਲ ਲੈ ਕੇ ਸਕੂਲ ਆਇਆ ਸੀ, ਜੋ ਕਿਸੇ ਹੋਰ ਬੱਚੇ ਨਾਲ ਕੁੱਟਮਾਰ ਕਰਨ ਦੀ ਨੀਅਤ ਨਾਲ ਆਏ ਸਨ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਸ ਆਧਾਰ ’ਤੇ ਹੀ ਕਾਰਵਾਈ ਕੀਤੀ ਗਈ ਹੈ। ਗੌਰ ਹੋਵੇ ਕਿ ਜਿਸ ਨੂੰ ਬਾਹਰੀ ਵਿਅਕਤੀ ਪ੍ਰਿੰਸੀਪਲ ਕਹਿ ਰਿਹਾ ਹੈ ਉਹ ਉਸ ਹਰਮਨ ਵਿਦਿਆਰਥੀ ਦਾ ਚਾਚਾ ਹੈ। ਜਿਸ ਨੂੰ ਸਕੂਲ ਦੇ ਅਧਿਆਪਕਾਂ ਨੇ ਹੀ ਤਸਦੀਕ ਕੀਤਾ ਹੈ। --ਅੱਜ ਪੇਪਰ ’ਚ ਬੈਠੇਗਾ ਹਰਮਨ : ਡੀਈਓ ਡੀਈਓ ਦੀ ਦਖ਼ਲਅੰਦਾਜ਼ੀ ਜਦੋਂ ਪੀੜਤ ਪਰਿਵਾਰ ਇਨਸਾਫ਼ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਪਹੁੰਚਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਨੂੰ ਤੁਰੰਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ 16 ਸਤੰਬਰ ਨੂੰ ਹੋਣ ਵਾਲੇ ਅਗਲੇ ਪ੍ਰੀਖਿਆ ’ਚ ਹਰਮਨ ਸਿੰਘ ਨੂੰ ਹਰ ਹਾਲਤ ’ਚ ਬਿਠਾਇਆ ਜਾਵੇ। ਇਸ ਤੋਂ ਇਲਾਵਾ ਜੋ ਦੋ ਪ੍ਰੀਖਿਆਵਾਂ ਛੁੱਟ ਗਈਆਂ ਹਨ, ਉਹ ਵੀ ਦੁਬਾਰਾ ਲਈਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਦਾ ਸਾਲ ਖ਼ਰਾਬ ਨਾ ਹੋਵੇ।