90 ਲੱਖ ਨਾਲ ਬਣੂ ਕੱਚਾ ਕਾਲਜ ਰੋਡ ਦੀ ਸੜਕ, ਮੇਅਰ ਨੇ ਕੀਤਾ ਉਦਘਾਟਨ 90 ਲੱਖ ਨਾਲ ਬਣੂ ਕੱਚਾ ਕਾਲਜ ਰੋਡ ਦੀ ਸੜਕ, ਮੇਅਰ ਨੇ ਕੀਤਾ ਉਦਘਾਟਨ
Publish Date: Sun, 09 Aug 2026 04:14 PM (IST)
Updated Date: Sun, 09 Aug 2026 04:17 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,ਬਰਨਾਲਾ : ਐਤਵਾਰ ਬਾਅਦ ਦੁਪਹਿਰ 90 ਲੱਖ ਰੁਪਏ ਨਾਲ ਬਣਨ ਵਾਲੀ ਕੱਚਾ ਕਾਲਜ ਰੋਡ ਦੀ ਸੜਕ ਦੀ ਸ਼ੁਰੂਆਤ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਉਦਘਾਟਨ ਕਰਕੇ ਕੀਤੀ। ਇਸ ਮੌਕੇ ਉਨ੍ਹਾਂ ਦਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਜਿੱਥੇ ਮੂੰਹ ਮਿੱਠਾ ਕਰਵਾਇਆ , ਉੱਥੇ ਹੀ ਹਾਜ਼ਰ ਕੌਂਸਲਰਾਂ ਤੇ ਨਗਰ ਨਿਗਮ ਦੇ ਕਾਮਿਆਂ ਨੇ ਇਸ ਸੜਕ ਦਾ ਕਾਰਜ ਸ਼ੁਰੂ ਕੀਤਾ। ਨਗਰ ਨਿਗਮ ਬਰਨਾਲਾ ਦੇ ਜੇਈ ਨਿਖਲ ਕੌਸ਼ਲ ਨੇ ਦੱਸਿਆ ਕਿ ਬਰਨਾਲਾ ’ਚ ਪਹਿਲੀ ਵਾਰ ਇਸ ਸੜਕ ’ਤੇ 30 ਐਮਐਮ ਮੋਟਾ ਮਲਬਾ ਪਾਇਆ ਜਾ ਰਿਹਾ ਹੈ। ਇਸ ਸੜਕ ਦਾ 5 ਸਾਲਾਂ ਲਈ ਜਿੰਮੇਵਾਰ ਵੀ ਠੇਕੇਦਾਰ ਹੋਵੇਗਾ। ਜੋ ਇਸ ਦੀ ਸਮੇਂ ਸਮੇਂ ਰਿਪੇਅਰ ਕਰੇਗਾ। ਇਸ ਸੜਕ ਦਾ ਠੇਕਾਂ ਵੀ ਬਰਨਾਲਾ ਦੇ ਹੀ ਠੇਕੇਦਾਰ ਨੂੰ ਦਿੱਤਾ ਗਿਆ ਹੈ। ਇਸ ਮੌਕੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਨਵੀਂ ਸੜਕ ਦੇ ਨਿਰਮਾਣ ਨਾਲ ਇਲਾਕਾ ਵਾਸੀਆਂ ਨੂੰ ਆਵਾਜਾਈ ’ਚ ਵੱਡੀ ਸਹੂਲਤ ਮਿਲੇਗੀ ਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਘਟਣਗੀਆਂ। ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਨਿਰਮਾਣ ਕਾਰਜ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਮੁਕੰਮਲ ਕਰਵਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਸੜਕ ਦਾ ਨਿਰਮਾਣ 90 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਤੇ ਹੋਰ ਵੀ ਸਹਿਰ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। : ਮਹਾਰਾਜਾ ਅੱਗਰਸੈਨ ਚੌਂਕ ਤੋਂ ਐਸ.ਡੀ. ਕਾਲਜ ਤੱਕ ਬਣੇਗੀ ਨਵੀਂ ਸੜਕ ਮੇਅਰ ਹਸਨਪ੍ਰੀਤ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਹਾਰਾਜਾ ਅੱਗਰਸੈਨ ਚੌਂਕ ਤੋਂ ਐਸ.ਡੀ. ਕਾਲਜ ਤੱਕ ਨਵੀਂ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕਰੀਬ 90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੇ ਨਿਰਮਾਣ ਨਾਲ ਇਲਾਕੇ ’ਚ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਸੜਕ ਬਣਨ ਨਾਲ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਤੇ ਵਿਦਿਆਰਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦੇਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। : ਕਰੋੜਾਂ ਰੁਪਏ ਦੀ ਲਾਗਤ ਨਾਲ ਬਰਨਾਲਾ ਸ਼ਹਿਰ ਦੀ ਬਦਲੀ ਜਾਵੇਗੀ ਨੁਹਾਰ : ਮੇਅਰ ਹਸਨਪ੍ਰੀਤ ਮੇਅਰ ਹਸਨਪ੍ਰੀਤ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਨਗਰ ਨਿਗਮ ਵੱਲੋਂ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਕਾਰਜਾਂ ’ਤੇ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਦੀ ਨੁਹਾਰ ਬਦਲਣ ਦੀ ਯੋਜਨਾ ਹੈ। ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਇਸ ਤਹਿਤ ਸੜਕਾਂ, ਸੀਵਰੇਜ, ਸਫ਼ਾਈ, ਸਟਰੀਟ ਲਾਈਟਾਂ ਅਤੇ ਹੋਰ ਜ਼ਰੂਰੀ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਪ੍ਰਾਜੈਕਟ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਸ਼ਹਿਰ ਦੀ ਦਿੱਖ ਵਿੱਚ ਸੁਧਾਰ ਹੋਵੇਗਾ, ਉੱਥੇ ਹੀ ਆਮ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਨੂੰ ਇੱਕ ਸੁੰਦਰ, ਸਾਫ਼-ਸੁਥਰਾ ਅਤੇ ਬਿਹਤਰ ਸਹੂਲਤਾਂ ਵਾਲਾ ਸ਼ਹਿਰ ਬਣਾਉਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਹਿਰ ਅੰਦਰ ਕੂੜੇ ਦੇ ਡੰਪਾਂ ਨੂੰ ਵੀ ਚੁਕਵਾਇਆ ਜਾਵੇਗਾ ਤੇ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਅਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਵੀ ਨਿਭਾਉਣ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਰਾਮ ਤੀਰਥ ਮੰਨਾ ਵੀ ਹਾਜ਼ਰ ਸਨ।