ਮਹਿਲਕਲਾਂ ਅਜੇ ਵੀ ਸਟ੍ਰੀਟ ਲਾਈਟਾਂ ਦੀ ਉਡੀਕ ’ਚ
ਮਹਿਲ ਕਲਾਂ ’ਚ ਰਾਤ ਦੀ ਹਨੇਰੀ ਬਣੀ ਵੱਡੀ ਸਮੱਸਿਆ, ਸ਼ਹਿਰ ਬਣਦੇ ਕਸਬੇ ਨੂੰ ਅਜੇ ਵੀ ਸਟ੍ਰੀਟ ਲਾਈਟਾਂ ਦੀ ਉਡੀਕ
Publish Date: Thu, 19 Feb 2026 05:52 PM (IST)
Updated Date: Fri, 20 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਹਿਲਕਲਾਂ ਪ੍ਰਸ਼ਾਸਕੀ ਤੌਰ ’ਤੇ ਲਗਾਤਾਰ ਤਰੱਕੀ ਕਰਦਾ ਹੋਇਆ ਨਵੇਂ ਵਿਧਾਨ ਸਭਾ ਹਲਕੇ ਤੇ ਬਾਅਦ ’ਚ ਸਬ-ਡਿਵੀਜ਼ਨ ਦੇ ਦਰਜੇ ਤੱਕ ਪਹੁੰਚ ਗਿਆ ਹੈ, ਪਰ ਬੁਨਿਆਦੀ ਸਹੂਲਤਾਂ ਦੀ ਘਾਟ ਅਜੇ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਕਸਬੇ ’ਚ ਰਾਤ ਸਮੇਂ ਰੋਸ਼ਨੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੁਧਿਆਣਾ-ਬਰਨਾਲਾ ਮੁੱਖ ਮਾਰਗ, ਬੱਸ ਸਟੈਂਡ ਤੋਂ ਮਾਰਕੀਟ ਤੇ ਕਸਬੇ ਦੇ ਅੰਦਰਲੇ ਰਸਤੇ ਰਾਤ ਸਮੇਂ ਹਨੇਰੇ ’ਚ ਡੁੱਬੇ ਰਹਿੰਦੇ ਹਨ, ਜਿਸ ਕਾਰਨ ਪੈਦਲ ਆਵਾਜਾਈ ਤੇ ਵਾਹਨਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ। ਰੋਸ਼ਨੀ ਦੀ ਕਮੀ ਕਰਕੇ ਚੋਰੀਆਂ ਅਤੇ ਅਪਰਾਧਕ ਘਟਨਾਵਾਂ ਵਧਣ ਦਾ ਡਰ ਵੀ ਬਣਿਆ ਰਹਿੰਦਾ ਹੈ। ਅਨਾਜ ਮੰਡੀ ਦੇ ਨੇੜੇ ਲੱਗੀ ਵੱਡੀ ਹਾਈਮਾਸਟ ਲਾਈਟ ਲੰਬੇ ਸਮੇਂ ਤੋਂ ਬੰਦ ਪਈ ਹੈ ਅਤੇ ਕਿਸੇ ਵੀ ਵਿਭਾਗ ਵੱਲੋਂ ਇਸਦੀ ਮੁਰੰਮਤ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਲੋਕਾਂ ਦੀ ਸੁਰੱਖਿਆ ਤੇ ਸਹੂਲਤ ਲਈ ਲਗਾਏ ਗਏ ਸੀਸੀਟੀਵੀ ਕੈਮਰੇ ਵੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਹੋਏ ਹਨ, ਇਸ ਕਾਰਨ ਦੁਕਾਨਦਾਰਾਂ ਤੇ ਆਮ ਲੋਕਾਂ ’ਚ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ ਤੇ ਘਟਨਾਵਾਂ ਦੀ ਨਿਗਰਾਨੀ ਕਰਨਾ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਸਿਰਫ ਕੁਝ ਨਿੱਜੀ ਦੁਕਾਨਾਂ ਦੀਆਂ ਲਾਈਟਾਂ ਹੀ ਜਗਦੀਆਂ ਹਨ ਜਦਕਿ ਸਰਕਾਰੀ ਤੌਰ ’ਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ। ਵੋਟਾਂ ਵੇਲੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਬਾਅਦ ’ਚ ਸਮੱਸਿਆ ਜਿਉਂ ਦੀ ਤਿਉਂ ਰਹਿ ਜਾਂਦੀ ਹੈ। ਕਸਬਾ ਵਾਸੀ ਕਈ ਵਾਰ ਅਧਿਕਾਰੀਆਂ ਅਤੇ ਆਗੂਆਂ ਨੂੰ ਮਿਲ ਕੇ ਮੰਗ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਮੌਕੇ ਗਗਨਦੀਪ ਸਿੰਘ ਸਰਾਂ, ਹਰਦੀਪ ਸਿੰਘ ਬੀਹਲਾ, ਮਨਦੀਪ ਸਿੰਘ ਚੀਕੂ, ਜਗਦੀਸ਼ ਸਿੰਘ ਪੰਨੂ, ਬਾਬਾ ਬੁੱਧ ਸਿੰਘ ਕਲਸੀ, ਬਲਦੇਵ ਸਿੰਘ ਗਾਗੇਵਾਲ, ਸਰਬਜੀਤ ਸਿੰਘ ਸਰਬੀ ਅਤੇ ਹਰਵਿੰਦਰ ਕੁਮਾਰ ਜਿੰਦਲ ਸਮੇਤ ਹੋਰ ਆਗੂਆਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਲੁਧਿਆਣਾ-ਬਰਨਾਲਾ ਮੁੱਖ ਮਾਰਗ, ਬਸ ਸਟੈਂਡ ਤੋਂ ਬਾਜ਼ਾਰ ਅਤੇ ਪੂਰੇ ਕਸਬੇ ’ਚ ਤੁਰੰਤ ਸਟ੍ਰੀਟ ਲਾਈਟਾਂ ਲਗਾਈਆਂ ਜਾਣ, ਅਨਾਜ ਮੰਡੀ ਵਾਲੀ ਹਾਈਮਾਸਟ ਲਾਈਟ ਚਾਲੂ ਕੀਤੀ ਜਾਵੇ ਅਤੇ ਬੰਦ ਪਏ ਸੀਸੀਟੀਵੀ ਕੈਮਰੇ ਵੀ ਜਲਦੀ ਚਾਲੂ ਕਰਕੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਤਰੱਕੀ ਕਰਦਾ ਕਸਬਾ ਹੈ, ਇਸ ਲਈ ਰੋਸ਼ਨੀ ਅਤੇ ਸੁਰੱਖਿਆ ਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਬਣਦਾ ਹੈ ਤਾਂ ਜੋ ਸ਼ਹਿਰ ਦੀ ਵਿਕਾਸ ਯਾਤਰਾ ਹੋਰ ਤੇਜ਼ ਹੋ ਸਕੇ।