ਤਿਉਹਾਰਾਂ ਦੌਰਾਨ ਮਿਲਾਵਟੀ ਮਠਿਆਈਆਂ ਤੋਂ ਸੁਚੇਤ ਰਹਿਣ ਦੀ ਲੋੜ ਤਿਉਹਾਰਾਂ ਦੌਰਾਨ ਮਿਲਾਵਟੀ ਮਠਿਆਈਆਂ ਤੋਂ ਸੁਚੇਤ ਰਹਿਣ ਦੀ ਲੋੜ
Publish Date: Sun, 25 Oct 2026 05:14 PM (IST)
Updated Date: Mon, 26 Oct 2026 04:02 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ ਵਿੱਚ ਮਠਿਆਈਆਂ, ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਵਧ ਜਾਂਦੀ ਹੈ। ਇਸ ਦੌਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਖਰੀਦਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਆਪਣੀ ਸਿਹਤ ਨਾਲ ਸਮਝੌਤਾ ਨਾ ਕਰੋ : ਰਣਧੀਰ ਕੌਸ਼ਲ ਤਿਉਹਾਰਾਂ ਦੀਆਂ ਖ਼ੁਸ਼ੀਆਂ ’ਚ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ। ਲੋਕ ਮਠਿਆਈਆਂ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ, ਤਾਜ਼ਗੀ ਅਤੇ ਸਫ਼ਾਈ ਦਾ ਧਿਆਨ ਰੱਖਣ। ਖੁੱਲ੍ਹੇ ਵਿੱਚ ਰੱਖੀਆਂ ਮਠਿਆਈਆਂ ਅਤੇ ਸ਼ੱਕੀ ਰੰਗਾਂ ਵਾਲੇ ਖਾਣ-ਪੀਣ ਦੇ ਸਾਮਾਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਅਤੇ ਜੇਕਰ ਕਿਤੇ ਮਿਲਾਵਟ ਦਾ ਸ਼ੱਕ ਹੋਵੇ ਤਾਂ ਸਬੰਧਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਾਫ਼-ਸੁਥਰੇ ਤੇ ਘਰੇ ਬਣੇ ਭੋਜਨ ਨੂੰ ਦੇਵੋਂ ਤਰਜੀਹ : ਕਵਿਸ ਗੋਇਲ ਓਮ ਸਿਟੀ ਬਰਨਾਲਾ ਦੇ ਐਮਡੀ ਕਵਿਸ਼ ਗੋਇਲ ਨੇ ਕਿਹਾ ਕਿ ਮਿਲਾਵਟੀ ਜਾਂ ਦੂਸ਼ਿਤ ਭੋਜਨ ਖਾਣ ਨਾਲ ਉਲਟੀਆਂ, ਦਸਤ, ਪੇਟ ਦਰਦ ਅਤੇ ਭੋਜਨ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਤਾਜ਼ਾ ਅਤੇ ਸਾਫ਼-ਸੁਥਰਾ ਭੋਜਨ ਖਾਣ ਨੂੰ ਤਰਜੀਹ ਦਿੱਤੀ ਜਾਵੇ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਲਈ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਬਹੁਤ ਜ਼ਿਆਦਾ ਮਿੱਠੇ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਸੰਤੁਲਿਤ ਖੁਰਾਕ, ਸਾਫ਼ ਪਾਣੀ ਅਤੇ ਸਫ਼ਾਈ ਦੀਆਂ ਆਦਤਾਂ ਅਪਣਾ ਕੇ ਕਈ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਸ਼ੱਕੀ ਭੋਜਨ ਖਾਣ ਤੋਂ ਬਾਅਦ ਤਬੀਅਤ ਖ਼ਰਾਬ ਹੋਵੇ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਦੁਕਾਨਦਾਰ ਸਾਫ਼ ਸਫ਼ਾਈ ਦਾ ਰੱਖਣ ਧਿਆਨ : ਸੋਹਿਤ ਬਾਵਾ : ਕਲੋਨਾਇਜਰ ਸੋਹਿਤ ਬਾਵਾ ਰਿੰਟਾਂ ਨੇ ਕਿਹਾ ਕਿ ਹਰ ਵਪਾਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਗਾਹਕਾਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਸਾਮਾਨ ਮੁਹੱਈਆ ਕਰਵਾਏ। ਵਪਾਰ ਵਿੱਚ ਮੁਨਾਫ਼ਾ ਕਮਾਉਣ ਦੇ ਨਾਲ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖਣਾ, ਸਫ਼ਾਈ ਬਣਾਈ ਰੱਖਣਾ ਅਤੇ ਮਿਆਦ ਪੁੱਗ ਚੁੱਕੀਆਂ ਚੀਜ਼ਾਂ ਦੀ ਵਿਕਰੀ ਤੋਂ ਬਚਣਾ ਚਾਹੀਦਾ ਹੈ। ਦੁੱਧ, ਖੋਏ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੀਆਂ ਵਸਤਾਂ ਨੂੰ ਸਹੀ ਤਾਪਮਾਨ ’ਤੇ ਸੰਭਾਲਣਾ ਵੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰੀ ਕਰਦੇ ਸਮੇਂ ਵਸਤਾਂ ਦੀ ਮਿਆਦ ਅਤੇ ਪੈਕਿੰਗ ਦੀ ਜਾਂਚ ਕਰਨ। ਜੇਕਰ ਵਪਾਰੀ ਅਤੇ ਖਪਤਕਾਰ ਦੋਵੇਂ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਤਿਉਹਾਰਾਂ ਦੌਰਾਨ ਸੁਰੱਖਿਅਤ ਖਾਣ-ਪੀਣ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਮਿਲਾਵਟਰੀ ਖਾਣ-ਪੀਣ ਤੋਂ ਰਹੋ ਸੁਚੇਤ : ਅਦਿਤਿਆ ਜੈਨ ਕਾਲੋਨਾਈਜ਼ਰ ਅਦਿਤਿਆ ਜੈਨ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਲਈ ਸਬੰਧਤ ਵਿਭਾਗਾਂ ਵੱਲੋਂ ਨਿਯਮਿਤ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਵੀ ਮਿਲਾਵਟ ਦੇ ਸਬੂਤ ਮਿਲਣ, ਉੱਥੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸਿਰਫ਼ ਸਸਤੇ ਭਾਅ ਦੇਖ ਕੇ ਖਾਣ-ਪੀਣ ਦਾ ਸਾਮਾਨ ਨਹੀਂ ਖਰੀਦਣਾ ਚਾਹੀਦਾ, ਸਗੋਂ ਉਸ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਖ਼ਪਤਕਾਰਾਂ ਨੂੰ ਸ਼ੱਕੀ ਵਸਤਾਂ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਵਪਾਰੀਆਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਮਿਲਾਵਟਖੋਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ।