ਐੱਨਡੀਆਰਐੱਫ 7ਵੀਂ ਬਟਾਲੀਅਨ ਵੱਲੋਂ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ
ਐਨ.ਡੀ.ਆਰ.ਐਫ. 7ਵੀਂ ਬਟਾਲੀਅਨ ਵੱਲੋਂ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ
Publish Date: Fri, 16 Jan 2026 05:54 PM (IST)
Updated Date: Sat, 17 Jan 2026 04:07 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : 7ਵੀਂ ਬਟਾਲੀਅਨ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ (ਐੱਨਡੀਆਰਐੱਫ਼) ਬਠਿੰਡਾ ਦੀ ਟੀਮ ਵੱਲੋਂ ਹੰਡਿਆਇਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਤੋਂ ਬਚਾਅ, ਸੁਰੱਖਿਆ ਦੇ ਤਰੀਕਿਆਂ, ਮੁੱਢਲੀ ਡਾਕਟਰੀ ਸਹਾਇਤਾ ਤੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੀ ਅਗਵਾਈ ਸਬ-ਇੰਸਪੈਕਟਰ ਰੇਖ ਸਿੰਘ ਮੀਨਾ ਨੇ ਕੀਤੀ। ਇਸ ਦੌਰਾਨ ਐਨ.ਡੀ.ਆਰ.ਐਫ. ਟੀਮ ਨੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਭੂਚਾਲ ਤੋਂ ਬਚਾਅ, ਅੱਗ ਲੱਗਣ ਤੇ ਪ੍ਰਤੀਕ੍ਰਿਆ, ਬਲੀਡਿੰਗ ਕੰਟਰੋਲ, ਸੀਪੀਆਰਐਫ਼ ਬੀਏਓ ਤੇ ਹੜ੍ਹਾਂ ਦੇ ਸਮੇਂ ਵਰਤੋਂ ਵਿਚ ਆਉਣ ਵਾਲੇ ਇੰਪ੍ਰੋਵਾਈਜ਼ਡ ਫ਼ਲੋਟਿੰਗ ਡਿਵਾਈਸ (ਆਈਐੱਫ਼ਡੀ) ਬਾਰੇ ਵਿਸਥਾਰ ਨਾਲ ਦੱਸਿਆ। ਟੀਮ ਵੱਲੋਂ ਪ੍ਰਦਰਸ਼ਨ ਰਾਹੀਂ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਫ਼ਸਟ ਏਡ, ਸੁਰੱਖਿਅਤ ਨਿਕਾਸੀ ਪ੍ਰਕਿਰਿਆ (ਇਵੈਕੂਏਸ਼ਨ ਡ੍ਰਿਲ) ਤੇ ਆਪਦਾ ਦੇ ਸਮੇਂ ਜ਼ਰੂਰੀ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਟੀਮ ਵੱਲੋਂ ਐੱਨਡੀਆਰਐੱਫ਼ ਦੇ ਮੋਬਾਈਲ ਐਪਸ ਸਚੇਤ, ਮੇਘਦੂਤ, ਦਾਮਿਨੀ ਅਤੇ ਭੂਕੰਪ ਦੇ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਸਮੇਂ ਸਿਰ ਆਪਦਾ ਦੀ ਚੇਤਾਵਨੀ ਪ੍ਰਾਪਤ ਕਰਕੇ ਜਨ-ਧਨ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਸਕੂਲ ਦੇ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਨੇ ਐੱਨਡੀਆਰਐੱਫ਼ ਟੀਮ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਆਮ ਜਨਤਾ ’ਚ ਆਤਮਵਿਸ਼ਵਾਸ ਵਧਾਉਣ ਤੇ ਆਪਦਾ ਪ੍ਰਬੰਧਨ ਹੁਨਰ ਵਿਕਸਿਤ ਕਰਨ ਵਿਚ ਸਹਾਈ ਹਨ।