
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੰਗਾ ਡਿਗਰੀ ਕਾਲਜ ’ਚ ਐਨਸੀਸੀ ਕੈਡਿਟਸ ਨੇ ਲਾਏ ਪੌਦੇ

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਗੰਗਾ ਡਿਗਰੀ ਕਾਲਜ, ਢਾਬੀ ਗੁਜਰਾਂ ਵਿਖੇ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਨਸੀਸੀ ਯੂਨਿਟ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਐੱਨਸੀਸੀ ਅਫਸਰ ਕੈਪਟਨ ਸਹਿਦੇਵ (5 ਐੱਨਸੀਸੀ ਬਟਾਲੀਅਨ, ਪਟਿਆਲਾ) ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੀ ਵਾਈਸ ਚੇਅਰਪਰਸਨ ਰੀਨਾ ਕੌਰ ਚੀਮਾ ਅਤੇ ਐੱਨਸੀਸੀ ਦੇ ਹੌਲਦਾਰ ਕੀਰਤਨ ਸਿੰਘ ਵੀ ਮੌਜੂਦ ਸਨ। ਸੰਸਥਾ ਦੇ ਚੇਅਰਮੈਨ ਗੁਰਲਾਡ ਸਿੰਘ ਕਾਹਲੋਂ ਨੇ ਕੈਡਿਟਸ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਕੈਪਟਨ ਸਹਿਦੇਵ ਨੇ ਖੁਦ ਬੂਟੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕੈਡਿਟਸ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਰੰਤਰ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ। ਕੈਪਟਨ ਸਹਿਦੇਵ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁੱਖ ਸਾਨੂੰ ਸਾਫ਼ ਹਵਾ ਅਤੇ ਛਾਂ ਪ੍ਰਦਾਨ ਕਰਨ ਦੇ ਨਾਲ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਐਨਸੀਸੀ ਅਫਸਰ, ਹਵਾਲਦਾਰ ਅਤੇ ਕੈਡਿਟਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਕੁਦਰਤ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਦੀਆਂ ਹਨ।