ਗੁਲਜ਼ਾਰ ਖ਼ੁਦਕੁਸ਼ੀ ਮਾਮਲੇ 'ਚ ਰਾਸ਼ਟਰੀ SC ਕਮਿਸ਼ਨ ਸਖ਼ਤ, ਪਰਿਵਾਰ ਨਾਲ ਮਿਲੇ ਚੇਅਰਮੈਨ; ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਉਨ੍ਹਾਂ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚੇਅਰਮੈਨ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਦਿੜ੍ਹਬਾ ਦੇ ਐੱਸ.ਡੀ.ਐੱਮ. ਨੇ ਮ੍ਰਿਤਕ ਦੇ ਘਰ ਪਹੁੰਚ ਕੇ ਉਸ ਦੀ ਪਤਨੀ ਪਾਲ ਕੌਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ।
Publish Date: Thu, 10 Sep 2026 01:26 PM (IST)
Updated Date: Thu, 10 Sep 2026 01:28 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਸੰਗਰੂਰ। ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬੰਜਾਰਾ ਦੇ ਰਹਿਣ ਵਾਲੇ ਦਲਿਤ ਮਜ਼ਦੂਰ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਵੀਰਵਾਰ ਨੂੰ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਣਾ ਪਿੰਡ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਉਨ੍ਹਾਂ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚੇਅਰਮੈਨ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਦਿੜ੍ਹਬਾ ਦੇ ਐੱਸ.ਡੀ.ਐੱਮ. ਨੇ ਮ੍ਰਿਤਕ ਦੇ ਘਰ ਪਹੁੰਚ ਕੇ ਉਸ ਦੀ ਪਤਨੀ ਪਾਲ ਕੌਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ।
ਕਿਸ਼ੋਰ ਮਕਵਾਣਾ ਨੇ ਕਿਹਾ ਕਿ ਗੁਲਜ਼ਾਰ ਸਿੰਘ ਲਗਾਤਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕ ਰਹੇ ਸਨ। ਪਰਿਵਾਰ ਵੱਲੋਂ ਉਨ੍ਹਾਂ ਨੂੰ ਧਮਕੀਆਂ ਮਿਲਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਧਮਕਾਉਣ ਅਤੇ ਧੱਕੇ ਨਾਲ ਅੰਤਿਮ ਸੰਸਕਾਰ ਕਰਵਾਉਣ ਦੇ ਦੋਸ਼ਾਂ ਦੀ ਵੀ ਜਾਂਚ ਹੋਵੇਗੀ। ਇਸ ਦੇ ਨਾਲ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਪਰਿਵਾਰ ਨੇ ਲਗਾਏ ਗੰਭੀਰ ਦੋਸ਼
ਮ੍ਰਿਤਕ ਦੀ ਪਤਨੀ ਪਾਲ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਗੁਲਜ਼ਾਰ ਸਿੰਘ ਨਸ਼ਿਆਂ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕ ਰਹੇ ਸਨ। ਪਰਿਵਾਰ ਦਾ ਇੱਕ ਪੁੱਤਰ ਵੀ ਨਸ਼ੇ ਦੀ ਲਪੇਟ ’ਚ ਹੈ, ਜਿਸ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦੇ ਸਨ। ਪਰਿਵਾਰ ਅਨੁਸਾਰ, ਉਨ੍ਹਾਂ ਨੇ ਇੱਕ ਸੀਨੀਅਰ ਮੰਤਰੀ ਸਾਹਮਣੇ ਵੀ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣ ਲੱਗੀਆਂ।
ਪਰਿਵਾਰ ਦਾ ਦੋਸ਼ ਹੈ ਕਿ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਗੁਲਜ਼ਾਰ ਸਿੰਘ ਨੇ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ 'ਤੇ ਰੀਤੀ-ਰਿਵਾਜਾਂ ਦੀ ਅਣਦੇਖੀ ਕਰਦਿਆਂ ਧੱਕੇ ਨਾਲ ਅੰਤਿਮ ਸੰਸਕਾਰ ਕਰਵਾਉਣ ਦੇ ਦੋਸ਼ ਵੀ ਲਗਾਏ ਗਏ ਹਨ।
ਪਾਲ ਕੌਰ ਨੇ ਕਮਿਸ਼ਨ ਦੇ ਚੇਅਰਮੈਨ ਤੋਂ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼ੂਗਰ ਤੋਂ ਪੀੜਤ ਹਨ ਅਤੇ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਨ। ਪਰਿਵਾਰ ਦੀ ਆਰਥਿਕ ਸਥਿਤੀ ਵੀ ਖ਼ਰਾਬ ਹੈ।
ਇੱਕ ਮੁਲਜ਼ਮ ਦੇ ਫ਼ਰਾਰ ਹੋਣ ਦਾ ਦਾਅਵਾ
ਮ੍ਰਿਤਕ ਦੇ ਭਰਾ ਬਿੱਕਰ ਸਿੰਘ ਬੱਗਾ ਨੇ ਕਿਹਾ ਕਿ ਨਾਮਜ਼ਦ ਪੰਜੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਮੁਲਜ਼ਮ ਵਿਦੇਸ਼ ਭੱਜ ਗਿਆ ਹੈ। ਪਰਿਵਾਰ ਨੇ ਉਸ ਦੀ ਜਲਦ ਗ੍ਰਿਫ਼ਤਾਰੀ ਅਤੇ ਸੁਰੱਖਿਆ ਦੀ ਮੰਗ ਕੀਤੀ।
ਕਿਸ਼ੋਰ ਮਕਵਾਣਾ ਨੇ ਭਰੋਸਾ ਦਿਵਾਇਆ ਕਿ ਕਮਿਸ਼ਨ ਮਾਮਲੇ ਵਿੱਚ ਜ਼ਰੂਰੀ ਕਦਮ ਚੁੱਕੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਉਣ ਦਾ ਯਤਨ ਕਰੇਗਾ।