ਬਰਨਾਲਾ ਵਿਖੇ ਪੁਲਿਸੀਏ ਤਸ਼ੱਦਦ ਦਾ ਸ਼ਿਕਾਰ ਹੋਏ ਸਫ਼ਾਈ ਸੈਨਿਕਾਂ ਦਾ ਹਾਲ ਜਾਨਣ ਪਹੁੰਚੇ ਕੌਮੀ ਪ੍ਰਧਾਨ ਬਰਨਾਲਾ ਵਿਖੇ ਪੁਲਿਸੀਏ ਤਸ਼ੱਦਦ ਦਾ ਸ਼ਿਕਾਰ ਹੋਏ ਸਫ਼ਾਈ ਸੈਨਿਕਾਂ ਦਾ ਹਾਲ ਜਾਨਣ ਪਹੁੰਚੇ ਕੌਮੀ ਪ੍ਰਧਾਨ
Publish Date: Sat, 25 Jul 2026 04:40 PM (IST)
Updated Date: Sun, 26 Jul 2026 04:02 AM (IST)
:: ਭਾਰਤੀਯ ਅੰਬੇਡਕਰ ਮਿਸ਼ਨ ਸਣੇ ਸਮੁੱਚੀ ਵਾਲਮੀਕਿ ਕੌਮ ਨੇ ਡੀਐੱਸਪੀ ਤੇ ਐੱਸਐੱਚਓ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ :: ਵਾਲਮੀਕਿ ਸਮਾਜ ਹੁਣ ਜਬਰ, ਜੁਲਮ ਦੇ ਖ਼ਿਲਾਫ਼ ਸਰਕਾਰਾਂ ਤੋਂ ਡਰਨ ਵਾਲਾ ਨਹੀਂ : ਦਰਸ਼ਨ ਕਾਂਗੜਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਦਿਨੀਂ ਆਪਣੀ ਜਾਇਜ਼ ਹੱਕੀ ਮੰਗਾਂ ਲਈ ਬਰਨਾਲਾ ਵਿਖੇ ਸੰਘਰਸ਼ ਕਰ ਰਹੇ ਨਿਹੱਥੇ ਸਫ਼ਾਈ ਸੈਨਿਕਾਂ ਤੇ ਪੰਜਾਬ ਪੁਲਿਸ ਦੇ ਨਾਮ ’ਤੇ ਧੱਬਾ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਤੇ ਐੱਸਐੱਚਓ ਥਾਣਾ ਸਿਟੀ-1 ਲਖਵਿੰਦਰ ਸਿੰਘ ਨੇ ਔਰਤਾਂ ਦੇ ਸਿੱਧੇ ਤੌਰ ’ਤੇ ਪੁਲਿਸ ਪਾਰਟੀ ਨਾਲ ਥਰਡ ਡਿਗਰੀ ਦੀ ਵਰਤੋਂ ਕਰਕੇ ਅੰਨ੍ਹੇਵਾਹ ਲਾਠੀਚਾਰਜ਼ ਕੀਤਾ, ਜਿਸ ’ਤੇ ਪੂਰੇ ਭਾਰਤ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਵਾਲਮੀਕਿ ਸਮਾਜ ਦੀ ਜੱਥੇਬੰਦੀਆਂ ’ਚ ਵੱਡੇ ਪੱਧਰ ’ਤੇ ਰੋਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਰਸ਼ਨ ਸਿੰਘ ਕਾਂਗੜਾ ਨੇ ਕੀਤਾ। ਉਹ ਇਸ ਤਸ਼ੱਦਦ ਦੀਆਂ ਸ਼ਿਕਾਰ ਹਸਪਤਾਲ ਵਿਖੇ ਜ਼ੇਰੇ ਇਲਾਜ ਮਹਿਲਾਵਾਂ ਦਾ ਹਾਲ ਜਾਨਣ ਲਈ ਪਹੁੰਚੇ ਹੋਏ ਸਨ। ਇਸ ਉਪਰੰਤ ਦਰਸ਼ਨ ਕਾਂਗੜਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਹੱਕੀ ਮੰਗਾਂ ਲਈ ਬਰਾਬਰ ਦੇ ਅਧਿਕਾਰ ਦਿੱਤੇ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਪੂਰੀ ਤਰ੍ਹਾਂ ਪੁਲਿਸ ਸਟੇਟ ਬਣ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧੇ ਲਫ਼ਜ਼ਾਂ ’ਚ ਚਿਤਾਵਨੀ ਦਿੰਦਿਆ ਕਿਹਾ ਕਿ ਸਿਰਫ਼ ਡੀਐੱਸਪੀ ਨੂੰ ਸਸਪੈਂਡ ਕਰਨ ਨਾਲ ਮਾਮਲਾ ਹੱਲ ਨਹੀਂ ਹੋਵੇਗਾ। ਭਾਰਤੀਯ ਅੰਬੇਡਕਰ ਮਿਸ਼ਨ ਸਮੇਤ ਸਮੁੱਚੀ ਵਾਲਮੀਕਿ ਕੌਮ ਦੇ ਆਗੂਆਂ ਦੀ ਇੱਕੋ ਇੱਕ ਮੰਗ ਹੈ ਕਿ ਡੀਐੱਸਪੀ ਸਤਵੀਰ ਸਿੰਘ ਤੇ ਐੱਸਐੱਚਓ ਲਖਵਿੰਦਰ ਸਿੰਘ ਨੂੰ 28 ਜੁਲਾਈ 2026 ਤੱਕ ਨੌਕਰੀ ਤੋਂ ਬਰਖਾਸ਼ਤ ਕਰਨ ਤੇ ਐੱਸਐੱਸਪੀ ਬਰਨਾਲਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਦਰਸ਼ਨ ਕਾਂਗੜਾ ਨੇ ਮੁੜ ਸਪੱਸ਼ਟ ਕੀਤਾ ਕਿ ਜੇਕਰ ਸਫ਼ਾਈ ਸੈਨਿਕਾਂ ਦੇ ਲਾਠੀਆਂ ਚਲਾਉਣ ਵਾਲੇ ਬੁੱਚੜ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਕੇ ਨੌਕਰੀ ਤੋਂ ਨਾ ਕੱਢਿਆ ਗਿਆ ਤਾਂ ਸਮੁੱਚਾ ਵਾਲਮੀਕਿ ਸਮਾਜ ਜਿੱਥੇ ਪੰਜਾਬ ਬੰਦ ਕਰੇਗਾ, ਉਥੇ ਸਫ਼ਾਈ ਸੇਵਕਾਂ ਦੀ ਦੇਸ਼ ਵਿਆਪੀ ਹੜਤਾਲ ਕਰਕੇ ਸੂਬੇ ਦੀ ਗੂੰਗੀ ਬਹਿਰੀ ਸਰਕਾਰ ਨੂੰ ਵਾਲਮੀਕਿ ਸਮਾਜ ਆਪਣੀ ਵੋਟ ਦੀ ਤਾਕਤ ਨਾਲ ਚਲਦਾ ਕਰੇਗਾ ਤੇ ਹਰੇਕ ਲੋੜੀਂਦਾ ਵਸੀਲਾ ਤਿਆਰ ਕਰਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਭਵਿੱਖ ਅੰਦਰ ਕੋਈ ਵੀ ਬੁੱਚੜ ਪੁਲਿਸ ਅਧਿਕਾਰੀ ਅਜਿਹਾ ਕਰਨ ਤੋਂ ਪਹਿਲਾ 100 ਬਾਰ ਸੋਚੇ ਤੇ ਬਰਨਾਲਾ ਦੀ ਘਟਨਾ ਦੀ ਚਰਚਾ ਉਸਦੀ ਜ਼ੁਬਾਨ ’ਤੇ ਹੋਵੇ। ਦਰਸ਼ਨ ਕਾਂਗੜਾ ਨੇ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਅਣਮੁਨੱਖੀ ਵਰਤਾਰੇ ਲਈ ਹਰੇਕ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੈਨਿਕਾਂ ’ਤੇ ਹੋਏ ਲਾਠੀਚਾਰਜ਼ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਪੰਜਾਬ ਪੁਲਿਸ ਵੱਲੋਂ ਸ਼ਰੇਆਮ ਵਰਦੀ ਦੀ ਆੜ ’ਚ ਗੁੰਡਾਗਰਦੀ ਦਾ ਚਿਹਰਾ ਨੰਗਾ ਕਰਦੀ ਹੈ, ਜਿਸਨੂੰ ਵਾਲਮੀਕਿ ਸਮਾਜ ਮੂੰਹ ਤੋੜਵਾ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਡੀਐੱਸਪੀ ਰੈਂਕ ਦਾ ਅਧਿਕਾਰੀ ਮਹਿਲਾਵਾਂ ਦਾ ਸਿਰ ਪਾੜ ਕੇ ਆਪਣੇ ਆਪ ਨੂੰ ਸਿੰਗਮ ਸਮਝੇ ਤਾਂ ਇਸ ਤੋਂ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਭ ਕੁੱਝ ਕਿਸ ਦੀ ਸ਼ੈਅ ’ਤੇ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਹੁਣ ਜਬਰ ਤੇ ਜੁਲਮ ਦੇ ਖ਼ਿਲਾਫ਼ ਸਰਕਾਰਾਂ ਤੋਂ ਡਰਨ ਵਾਲਾ ਨਹੀ ਬਲਕਿ ਸਮਾਜ ਦੇ ਹਰੇਕ ਨੌਜਵਾਨ ਅੰਦਰ ਬਰਨਾਲਾ ਘਟਨਾ ਨੂੰ ਲੈ ਭਾਰੀ ਰੋਸ ਹੈ। ਇਸ ਮੌਕੇ ਦਰਸ਼ਨ ਕਾਂਗੜਾ ਨਾਲ ਹੋਰ ਵੀ ਆਗੂ ਹਾਜ਼ਰ ਸਨ।