ਨਗਰ ਕੌਂਸਲ ਤਪਾ ਮੰਡੀ ਵਿਖੇ ਫਿਰ ਭ੍ਰਿਸ਼ਟਾਚਾਰ ਦੀ ਗੂੰਜ ਨਗਰ ਕੌਂਸਲ ਤਪਾ ਮੰਡੀ ਵਿਖੇ ਫਿਰ ਭ੍ਰਿਸ਼ਟਾਚਾਰ ਦੀ ਗੂੰਜ
Publish Date: Wed, 21 Oct 2026 04:56 PM (IST)
Updated Date: Thu, 22 Oct 2026 04:01 AM (IST)
ਬੱਸ ਅੱਡੇ ਦੀ ਪਰਚੀ ਦੇ ਠੇਕੇ ਨੂੰ ਲੈ ਕੇ ਵਿਵਾਦ ਭਖਿਆ, ਪ੍ਰਧਾਨ ‘ਤੇ ਨਜ਼ਦੀਕੀ ਰਿਸਤੇਦਾਰ ਨੂੰ ਠੇਕਾ ਦੇਣ ਦੇ ਲੱਗੇ ਦੋਸ਼ - ਸਰਕਾਰੀ ਮਾਲੀਏ ਦੇ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਗਰ ਕੌਂਸਲ ਤਪਾ ਵੱਲੋਂ ਬੱਸ ਅੱਡੇ ਦੀ ਪਰਚੀ ਵਸੂਲੀ ਦੇ ਠੇਕੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਵਿਅਕਤੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ’ਤੇ ਦੋਸ਼ ਲਾਇਆ ਕਿ ਬੱਸ ਅੱਡੇ ਦੀ ਪਰਚੀ ਦਾ ਠੇਕਾ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇ ਦੀ ਪ੍ਰਕਿਰਿਆ ਤੇ ਅਲਾਟਮੈਂਟ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਪ੍ਰਧਾਨ ਨੇ ਆਪਣੇ ਚਹੇਤਿਆਂ ਨੂੰ ਠੇਕਾ ਦੇਣ ਲਈ ਬੰਦ ਕਮਰੇ ’ਚ ਚੋਰੀ ਛੁਪੇ ਕਾਰਵਾਈ ਕੀਤੀ ਗਈ ਜਦਕਿ ਉਹ ਦਿੱਤੇ ਗਏ ਠੇਕੇ ਦੀ ਰਕਮ ਨਾਲੋਂ ਇਕ ਲੱਖ ਰੁਪਈਆ ਵਧ ਕੇ ਠੇਕਾ ਲੈਣ ਲਈ ਤਿਆਰ ਹਨ। ਸ਼ਿਕਾਇਤਕਰਤਾਵਾਂ ਤਾਰੀ ਸਿੰਘ,ਜਗਸੀਰ ਸਿੰਘ ਸੀਰਾ,ਕਾਲਾ ਸਿੰਘ,ਭੋਲਾ ਸਿੰਘ,ਬਲਦੇਵ ਸਿੰਘ ਅਨੁਸਾਰ ਪੁਰਾਣੇ ਠੇਕੇ ਦੀ ਮਿਆਦ 15 ਅਕਤੂਬਰ ਨੂੰ ਖ਼ਤਮ ਹੋਣੀ ਸੀ, ਪਰ ਉਸ ਦਿਨ ਹੜਤਾਲ ਹੋਣ ਕਾਰਨ ਬੋਲੀ ਨਹੀਂ ਹੋ ਸਕੀ। ਇਸ ਲਈ ਬੋਲੀ ਦੀ ਤਰੀਕ 19 ਅਕਤੂਬਰ ਰੱਖੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਤਿੰਨ-ਚਾਰ ਵਾਰ ਨਗਰ ਕੌਂਸਲ ਦੇ ਦਫ਼ਤਰ ਗਏ, ਪਰ ਉਨ੍ਹਾਂ ਨੂੰ ਬੋਲੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਝ ਕੌਂਸਲਰਾਂ ਨੂੰ ਬੋਲੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ 19 ਅਕਤੂਬਰ ਨੂੰ ਠੇਕੇ ਦੀ ਬੋਲੀ ਹੋਣੀ ਹੈ। ਸ਼ਿਕਾਇਤਕਰਤਾਵਾਂ ਨੇ ਬੋਲੀ ਦੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਅਨੁਸਾਰ ਵੀਡੀਓਗ੍ਰਾਫੀ ਵੀ ਨਹੀਂ ਕਰਵਾਈ ਗਈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਠੇਕਾ ਰੱਦ ਕਰਕੇ ਮੁੜ ਬੋਲੀ ਕਰਵਾਈ ਜਾਵੇ। ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਨੇ ਦੋਸ਼ ਨਕਾਰੇ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਨਜ਼ਦੀਕੀ ਰਿਸ਼ਤੇਦਾਰ ਨੂੰ ਠੇਕਾ ਦੇਣ ਤੇ ਪੱਖਪਾਤ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੋਲੀ ਸਬੰਧੀ ਜਾਣਕਾਰੀ ਦੇਰੀ ਨਾਲ, ਲਗਭਗ ਅੱਧਾ ਘੰਟਾ ਪਹਿਲਾਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਬੋਲੀ ’ਚ ਚਾਰ ਬੋਲੀਕਾਰਾਂ ਨੇ ਹਿੱਸਾ ਲਿਆ ਅਤੇ ਠੇਕਾ ਕਿਸੇ ਪੱਖਪਾਤ ਤੋਂ ਬਿਨਾਂ ਦਿੱਤਾ ਗਿਆ ਹੈ। ਦੂਜੇ ਪਾਸੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੱਸ ਅੱਡੇ ਦੀ ਪਰਚੀ ਦੇ ਠੇਕੇ ਦੀ ਬੋਲੀ ਸਰਕਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਕਰਵਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ’ਚ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ ਤੇ ਨਗਰ ਕੌਂਸਲ ਦੇ ਪ੍ਰਧਾਨ ਦੀ ਹਾਜ਼ਰੀ ’ਚ ਬਕਾਇਦਾ ਬੋਲੀ ਕਰਵਾਈ ਗਈ ਹੈ ਪਰ ਉਹ ਸਰਕਾਰ ਦੇ ਰੈਵੇਨਿਊ ’ਚ ਹੋਏ ਨੁਕਸਾਨ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਸਕੇ।