ਨਦੀਮ ਅਨਵਰ ਖਾਂ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਨਦੀਮ ਅਨਵਰ ਖਾਂ ਨੇ ਅਹੁਦੇ ਤੋਂ ਦਿੱਤਾ ਅਸਤੀਫਾ
Publish Date: Tue, 22 Sep 2026 03:33 PM (IST)
Updated Date: Wed, 23 Sep 2026 04:00 AM (IST)
ਸੱਤਪਾਲ ਕਾਲਾਬੂਲਾ, ਜਸਪਾਲ ਲਡੇਵਾਲ, ਮਾਲੇਰਕੋਟਲਾ : ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਨਦੀਮ ਅਨਵਰ ਖਾਂ ਨੇ ਨਿੱਜੀ ਜ਼ਿੰਮੇਵਾਰੀਆਂ ਅਤੇ ਰੁਝੇਵਿਆਂ ਕਾਰਨ ਸੰਸਥਾ ਨੂੰ ਲੋੜੀਂਦਾ ਸਮਾਂ ਨਾ ਦੇ ਸਕਣ ਦਾ ਹਵਾਲਾ ਦਿੰਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਦੀਮ ਅਨਵਰ ਖਾਂ ਨੇ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕੀਤੇ ਗਏ ਕਾਰਜ ਕਿਸੇ ਇੱਕ ਵਿਅਕਤੀ ਦੀ ਪ੍ਰਾਪਤੀ ਨਹੀਂ, ਸਗੋਂ ਸਾਰੇ ਮੈਂਬਰਾਂ ਦੀ ਸਾਂਝੀ ਮਿਹਨਤ, ਏਕਤਾ ਅਤੇ ਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਸਥਾਪਨਾ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐੱਨਆਰਸੀ ਦੇ ਵਿਰੋਧ ਦੌਰਾਨ ਮਾਲੇਰਕੋਟਲਾ ਦੇ ਸਰਹੰਦੀ ਗੇਟ ਵਿਖੇ ਹੋਏ ਪ੍ਰਦਰਸ਼ਨਾਂ ਦੌਰਾਨ ਕੀਤੀ ਗਈ ਸੀ। ਇਸ ਦੌਰਾਨ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਨਤਕ ਜਥੇਬੰਦੀਆਂ ਸਾਂਝੇ ਮੰਚ ’ਤੇ ਇਕੱਠੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਕਮੇਟੀ ਵੱਲੋਂ ਸੰਵਿਧਾਨਕ ਹੱਕਾਂ, ਇਨਸਾਫ਼, ਬਰਾਬਰੀ ਅਤੇ ਆਮ ਲੋਕਾਂ ਨਾਲ ਸਬੰਧਤ ਮੁੱਦੇ ਉਠਾਏ ਗਏ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਅਤੇ ਹੋਰ ਘੱਟ-ਗਿਣਤੀ ਵਰਗਾਂ ਨਾਲ ਸਬੰਧਤ ਮਾਮਲਿਆਂ ਤੋਂ ਇਲਾਵਾ ਨੌਜਵਾਨਾਂ, ਉਲੇਮਾ ਅਤੇ ਸਮਾਜਿਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਮਾਮਲੇ ਵੀ ਉਠਾਏ ਗਏ। ਕਮੇਟੀ ਵੱਲੋਂ ਰੈਲੀਆਂ, ਰੋਸ ਪ੍ਰਦਰਸ਼ਨਾਂ, ਮੰਗ ਪੱਤਰਾਂ ਅਤੇ ਜਨ-ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਦੇ ਮੁੱਦੇ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਵੀ ਕਮੇਟੀ ਦੀਆਂ ਗਤੀਵਿਧੀਆਂ ਦਾ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਜ਼ਿੰਮੇਵਾਰੀਆਂ ਕਾਰਨ ਉਹ ਪ੍ਰਧਾਨਗੀ ਦੀ ਜ਼ਿੰਮੇਵਾਰੀ ਤੋਂ ਹਟ ਰਹੇ ਹਨ, ਪਰ ਕਮੇਟੀ ਅਤੇ ਇਸ ਨਾਲ ਜੁੜੇ ਸਾਥੀਆਂ ਪ੍ਰਤੀ ਉਨ੍ਹਾਂ ਦਾ ਸਤਿਕਾਰ ਕਾਇਮ ਰਹੇਗਾ। ਉਨ੍ਹਾਂ ਕਮੇਟੀ ਦੇ ਮੈਂਬਰਾਂ ਮੁਫ਼ਤੀ ਦਿਲਸ਼ਾਦ, ਮੁਹੰਮਦ ਅਖਲਾਕ, ਮੁਕੱਰਮ ਸੈਫ਼ੀ, ਸ਼ਹਿਜ਼ਾਦ ਹੁਸੈਨ, ਮੁਹੰਮਦ ਸ਼ਾਹਿਦ, ਸਾਬਿਰ ਜ਼ੋਸੀ, ਇਕਬਾਲ, ਮੁਹੰਮਦ ਇਰਫਾਨ, ਮੁਹੰਮਦ ਸ਼ਕੀਲ, ਮੁਹੰਮਦ ਫਿਰੋਜ਼ ਫੌਜੀ, ਮੁਹੰਮਦ ਫਾਰੂਕ ਅਤੇ ਖੁਸ਼ੀ ਮੁਹੰਮਦ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।