ਨਗਰ ਕੌਂਸਲ ਪ੍ਰਧਾਨ ਤੇ ਸਾਬਕਾ ਪ੍ਰਧਾਨ ਆਹਮੋ-ਸਾਹਮਣੇ ਨਗਰ ਕੌਂਸਲ ਪ੍ਰਧਾਨ ਤੇ ਸਾਬਕਾ ਪ੍ਰਧਾਨ ਆਹਮੋ-ਸਾਹਮਣੇ
Publish Date: Tue, 29 Sep 2026 03:20 PM (IST)
Updated Date: Wed, 30 Sep 2026 04:00 AM (IST)
ਪ੍ਰਧਾਨ ਕਾਂਤਾ ਗੋਇਲ ਨੇ ਬਲਵਿੰਦਰ ਕੌਰ ’ਤੇ ਲਾਏ ਦੋਸ਼ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਨਗਰ ਕੌਂਸਲ ਦੇ ਕਾਰਵਾਈ ਰਜਿਸਟਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਜਾਰੀ ਹੈ। ਇਸੇ ਸੰਦਰਭ ਵਿਚ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਬਲਵਿੰਦਰ ਕੌਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਥਾਣੇ ਅੱਗੇ ਧਰਨਾ ਲਾਏ ਜਾਣ ਤੋਂ ਬਾਅਦ ਮੌਜੂਦਾ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ, ਕਿ ਬਲਵਿੰਦਰ ਕੌਰ ਵੱਲੋਂ ਨਗਰ ਕੌਂਸਲ ਦਾ ਸਰਕਾਰੀ ਕਾਰਵਾਈ ਰਜਿਸਟਰ ਦਫ਼ਤਰ ਤੋਂ ਬਾਹਰ ਲੈ ਕੇ ਜਾਣਾ ਨਿਯਮਾਂ ਅਨੁਸਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਜਾ ਕਿਸੇ ਹੋਰ ਕੌਂਸਲਰ ਨੂੰ ਕੌਂਸਲ ਦੀ ਕਾਰਵਾਈ ਸਬੰਧੀ ਕੋਈ ਇਤਰਾਜ਼ ਜਾਂ ਦਿੱਕਤ ਸੀ ਤਾਂ ਉਹ ਲਿਖਤੀ ਰੂਪ ਵਿੱਚ ਆਪਣੀ ਗੱਲ ਨਗਰ ਕੌਂਸਲ ਕੋਲ ਰੱਖ ਸਕਦੇ ਹਨ। ਇਸੇ ਦੌਰਾਨ ਪ੍ਰਧਾਨ ਕਾਂਤਾ ਗੋਇਲ ਨੇ ਕੌਂਸਲਰ ਬਲਵਿੰਦਰ ਕੌਰ ’ਤੇ ਕੌਂਸਲ ਦੀਆਂ ਮੀਟਿੰਗਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਲਵਿੰਦਰ ਕੌਰ ਵੱਲੋਂ ਮੀਟਿੰਗਾਂ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਆਪਣੇ ਵਾਰਡ ਨਾਲ ਸਬੰਧਤ ਵਿਕਾਸ ਦੇ ਮੁੱਦੇ ਵੀ ਮੀਟਿੰਗਾਂ ਵਿੱਚ ਕੋਈ ਸਵਾਲ ਨਹੀਂ ਚੁੱਕੇ ਗਏ। ਸਾਬਕਾ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਬਾਅਦ ਥਾਣੇ ਅੱਗੇ ਲਗਾਏ ਧਰਨੇ ਨੂੰ ਲੈ ਕੇ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ, ਕਿ ਇਹ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਮੌਕੇ ਕੌਂਸਲਰ ਕਪਲਾਸ਼ ਤਾਇਲ ਅਤੇ ਹੋਰ ਕੌਂਸਲਰਾਂ ਨੇ ਵੀ ਆਪਣਾ ਪੱਖ ਰੱਖਿਆ। ਕੌਂਸਲਰਾਂ ਮੁਤਾਬਕ ਜਿਸ ਦਿਨ ਰਜਿਸਟਰ ਨੂੰ ਲੈ ਕੇ ਵਿਵਾਦ ਹੋਇਆ, ਉਸ ਦਿਨ ਦੀ ਮੀਟਿੰਗ ਵਿੱਚ ਸਫਾਈ ਸੇਵਕਾਂ ਨੂੰ ਪੱਕਾ ਕਰਨ ਨਾਲ ਸਬੰਧਤ ਮਾਮਲੇ ’ਤੇ ਵੀ ਵਿਚਾਰ ਕੀਤਾ ਜਾਣਾ ਸੀ।ਕੌਂਸਲਰ ਰਜਨੀਸ਼ ਗੁਪਤਾ ਨੇ ਕਿਹਾ ਕਿ ਨਗਰ ਕੌਂਸਲ ਦੀ ਕਾਰਵਾਈ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਰਕਾਰੀ ਦਸਤਾਵੇਜ਼ਾਂ ਨਾਲ ਸਬੰਧਤ ਮਾਮਲਿਆਂ ਨੂੰ ਨਿਯਮਾਂ ਮੁਤਾਬਕ ਹੀ ਨਿਪਟਾਇਆ ਜਾਣਾ ਚਾਹੀਦਾ ਹੈ। ਫਿਲਹਾਲ ਕਾਰਵਾਈ ਰਜਿਸਟਰ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਕੁਝ ਵੀ ਹੋਵੇ ਪ੍ਰੰਤੂ ਇਹ ਵਿਵਾਦ ਹੁਣ ਲਹਿਰਾਗਾਗਾ ਦੀ ਸਥਾਨਕ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।