- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹੰਮਦ ਯਾਸਰ ਨੇ ਜਾਪਾਨ ਪੈਰਾ ਏਸ਼ੀਅਨ ਗੇਮਜ਼ ’ਚ ਜਿੱਤਿਆ ਚਾਂਦੀ ਦਾ ਤਗਮਾ

ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ,
ਅਮਰਗੜ੍ਹ : ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਕਰਵਾਏ ਪੈਰਾ ਏਸ਼ੀਅਨ ਗੇਮਜ਼-2026 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਹਲਕਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਮੁਹੰਮਦਪੁਰਾ ਦੇ ਪੈਰਾ-ਅਥਲੀਟ ਮੁਹੰਮਦ ਯਾਸਰ ਪੁੱਤਰ ਸੌਦਾਗਰ ਖਾਨ ਨੇ ਗੋਲਾ ਸੁੱਟਣ ਦੇ ਫਾਈਨਲ ਮੁਕਾਬਲੇ ਵਿੱਚ 15.06 ਮੀਟਰ ਦੀ ਦੂਰੀ ਤੈਅ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮੁਹੰਮਦ ਯਾਸਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ, ਖੇਡ ਵਿਭਾਗ ਪੰਜਾਬ, ਦੀ ਰਹਿਨੁਮਾਈ ਦਾ ਅਹਿਮ ਯੋਗਦਾਨ ਰਿਹਾ। ਕੋਚ ਘੁੰਮਣ ਨੇ ਕਿਹਾ ਕਿ ਯਾਸਰ ਪਿਛਲੇ ਕਈ ਸਾਲਾਂ ਤੋਂ ਇਸ ਮੁਕਾਮ ’ਤੇ ਪਹੁੰਚਣ ਲਈ ਲਗਾਤਾਰ ਮਿਹਨਤ ਕਰ ਰਿਹਾ ਸੀ। ਇਸ ਮੁਕਾਬਲੇ ਵਿੱਚ ਭਾਰਤੀ ਖਿਡਾਰੀਆਂ ਨੇ ਤਿੰਨੇ ਤਗਮੇ ਆਪਣੇ ਨਾਂ ਕਰਕੇ ਦੇਸ਼ ਦਾ ਮਾਣ ਵਧਾਇਆ। ਸਚਿਨ ਖਿਲਾਰੀ ਨੇ 15.87 ਮੀਟਰ ਦੀ ਦੂਰੀ ਨਾਲ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ ਜਿੱਤਿਆ, ਜਦਕਿ ਮੁਹੰਮਦ ਯਾਸਰ ਨੇ 15.06 ਚਾਂਦੀ ਅਤੇ ਪ੍ਰਵੀਨ ਨੇ 14.94 ਮੀਟਰ ਦੀ ਦੂਰੀ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਮੁਹੰਮਦ ਯਾਸਰ ਦੇ ਚਾਂਦੀ ਦਾ ਤਗਮਾ ਜਿੱਤਣ ਦੀ ਖ਼ਬਰ ਪਿੰਡ ਮੁਹੰਮਦਪੁਰਾ ਪਹੁੰਚਦਿਆਂ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਦੇ ਪਿਤਾ ਸੌਦਾਗਰ ਖਾਨ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਯਾਸਰ ਨੇ ਆਪਣੀ ਸਰੀਰਕ ਚੁਣੌਤੀ ਨੂੰ ਕਦੇ ਵੀ ਆਪਣੇ ਹੌਸਲੇ ਅਤੇ ਮਿਹਨਤ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਉਸ ਨੇ ਆਪਣੀ ਪ੍ਰਾਪਤੀ ਨਾਲ ਨਾ ਸਿਰਫ਼ ਆਪਣੇ ਪਿੰਡ, ਸਗੋਂ ਪੂਰੇ ਮਾਲੇਰਕੋਟਲਾ ਜ਼ਿਲ੍ਹੇ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਇਆ ਹੈ।ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੋਣਹਾਰ ਪੈਰਾ-ਅਥਲੀਟ ਮੁਹੰਮਦ ਯਾਸਰ ਅਤੇ ਉਸ ਦੇ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।