ਮੋਹਨਜੀਤ ਸ਼ੇਰੋਂ ਤੇ ਗੁਲਜਾਰ ਸਿੰਘ ਐਕਸ਼ਨ ਕਮੇਟੀ ਨੇ ਸੀਐੱਮ ਕੋਠੀ ਮੂਹਰੇ ਧਰਨਾ ਲਾਇਆ ਮੋਹਨਜੀਤ ਸ਼ੇਰੋਂ ਤੇ ਗੁਲਜਾਰ ਸਿੰਘ ਐਕਸ਼ਨ ਕਮੇਟੀ ਨੇ ਸੀਐੱਮ ਕੋਠੀ ਮੂਹਰੇ ਧਰਨਾ ਲਾਇਆ
Publish Date: Sun, 13 Sep 2026 04:40 PM (IST)
Updated Date: Mon, 14 Sep 2026 04:02 AM (IST)
ਜਸਵੀਰ ਸਿੰਘ\ ਬਲਜਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਹਲਕਾ ਦਿੜਬਾ ਦੇ ਪਿੰਡ ਤੂਰਬੰਜਾਰਾ ਦੇ ਗੁਲਜਾਰ ਸਿੰਘ ਦੀ ਖੁਦਕੁਸ਼ੀ ਅਤੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਤੇ ਪੁਲਿਸ ਤਸ਼ੱਦਦ ਖਿਲਾਫ ਬਣੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋ ਐਤਵਾਰ ਨੂੰ ਸੀਐੱਮ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਤਿੰਨ ਦਿਨਾਂ ਵਿੱਚ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੀਐੱਮ ਕੋਠੀ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਆਪਣੀ ਸਰਕਾਰ ਖਿਲਾਫ ਭੜਾਸ ਕੱਢੀ। ਇਸਦੇ ਨਾਲ ਹੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਸਾਹਮਣੇ ਰੱਖੀਆਂ ਅਤੇ ਮੰਗਾਂ ਪੂਰੀਆਂ ਨਾ ਹੋਣ ਤੇ ਪੱਕਾ ਮੋਰਚਾ ਲਾਉਣ ਦੀ ਚੇਤਾਵਨੀ ਦਿੱਤੀ। ਇਸ ਮੌਕੇ ਸੰਘਰਸ਼ ਕਮੇਟੀ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਵੱਲੋਂ ਪਾਸ ਕੀਤੇ ਮਤਿਆਂ ਵਿੱਚ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਤੇ ਹੋਏ ਅਣਮਨੁੱਖੀ ਤਸ਼ੱਸ਼ਦ ਤੇ ਕਰਾਰਾਂ ਦੀ ਬੇਅਦਬੀ ਅਤੇ ਗੈਰ ਕਨੂੰਨੀ ਹਿਰਾਸਤ ਵਿੱਚ ਰੱਖਣਾ, ਜਾਨੋਂ ਮਾਰਨ ਦੀਆਂ ਕੋਸ਼ਿਸਾਂ, ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਐੱਸਐੱਚਓ ਚੀਮਾ ਬਲਜੀਤ ਸਿੰਘ, ਐੱਸਐੱਚਓ ਸੁਨਾਮ ਪ੍ਰਤੀਕ ਜਿੰਦਲ, ਏਐੱਸਆਈ ਚੌਕੀ ਇੰਚਾਰਜ ਹਰਪ੍ਰੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਫੌਰੀ ਤੌਰ ’ਤੇ ਡਿਸਮਿਸ ਕੀਤਾ ਜਾਵੇ। ਮ੍ਰਿਤਕ ਗੁਲਜਾਰ ਸਿੰਘ ਦੇ ਮਰਨ ਤੋ ਪਹਿਲਾਂ ਦਿੱਤੇ ਬਿਆਨਾਂ ’ਤੇ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਪਰਚੇ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਉਸਤੋ ਅਸਤੀਫਾ ਲਿਆ ਜਾਵੇ। ਇਸਦੇ ਨਾਲ ਹੀ ਗੁਲਜਾਰ ਦੇ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇ ਨਾਲ-ਨਾਲ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਮਾਮਲੇ ਦੇ ਪੂਰੇ ਘਟਨਕ੍ਰਮ ਦੀ ਵੀਡਿਓ ਵਾਈਰਲ ਕਰਨ ਵਾਲੇ ਵਿਅਕਤੀ ਦਾ ਨਾਮ ਨਸ਼ਰ ਕੀਤਾ ਜਾਵੇ ਅਤੇ ਸਮਾਗਮ ਦੌਰਾਨ ਮੌਜੂਦ ਕੈਬਨਿਟ ਮੰਤਰੀ ਅਮਨ ਅਰੋੜਾ ਜਿਨ੍ਹਾਂ ਦੇ ਇਸ਼ਾਰੇ ਤੇ ਪੁਲਿਸ ਨੇ ਮੋਹਨਜੀਤ ਤੇ ਤਸ਼ਸੱਦ ਕੀਤਾ, ਉਸਨੂੰ ਨੈਤਿਕਤਾ ਦੇ ਅਧਾਰ ਤੇ ਆਪਣੇ ਅਹੁਦੇ ਤੋ ਅਸਤੀਫਾ ਲਿਆ ਜਾਵੇ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਮਤੇ ਵਿੱਚ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਡੀਜੀਪੀ ਪੰਜਾਬ ਨੂੰ ਫੌਰੀ ਤੌਰ ’ਤੇ ਹਦਾਇਤ ਕਰਨ ਕਿ ਸੂਬੇ ਦੇ ਸਾਰੇ ਥਾਣਿਆਂ ਅਤੇ ਸੀਆਈਏ ਸਟਾਫ ਦੇ ਕੈਮਰਿਆਂ ਦੀ ਚੈਕਿੰਗ ਕਰਨ ਅਤੇ ਜਿੱਥੇ ਸੀਸੀਟੀਵੀ ਕੈਮਰੇ ਨਹੀ ਹਨ, ਉੱਥੇ ਕੈਮਰੇ ਲਾਏ ਜਾਣ। ਇਸਦੇ ਨਾਲ ਹੀ ਮੁੱਖ ਮੰਤਰੀ ਇਹ ਕਨੂੰਨ ਪੁਲਿਸ ਐਕਟ ਵਿੱਚ ਸ਼ਾਮਿਲ ਕਰੇ ਕਿ ਜਦੋ ਕਿਸੇ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਉਸਦਾ ਮੈਡੀਕਲ ਸਰਕਾਰੀ ਹਸਪਤਾਲ ਵਿੱਚੋ ਕਰਵਾਇਆ ਜਾਵੇ ਅਤੇ ਪੁੱਛਗਿੱਛ ਕਰਨ ਤੋ ਬਾਅਦ ਅਤੇ ਛੱਡਣ ਤੋਂ ਪਹਿਲਾਂ ਉਸਦਾ ਮੈਡੀਕਲ ਕਰਵਾ ਕੇ ਉਸਦੀ ਕਾਪੀ ਉਸਦੇ ਪਰਿਵਾਰ ਨੂੰ ਦਿੱਤੀ ਜਾਵੇ। ਇੱਕ ਹੋਰ ਮਤੇ ਵਿੱਚ ਐਡਵੋਕੇਟ ਨਮੋਲ ਨੇ ਕਿਹਾ ਕਿ ਪੁਲਿਸ ਵਿਭਾਗ ਦਾ ਨਵੀਨੀਕਰਨ ਕੀਤਾ ਜਾਵੇ, ਜਿਸ ਤਰ੍ਹਾਂ ਮੁਲਜਮਾਂ ਨੂੰ ਪੁਰਾਣੇ ਢੰਗ ਨਾਲ ਕੁੱਟਮਾਰ ਕਰਨ ਜਾਂ ਟੋਰਚਰ ਕਰਨ ਦੀ ਥਾਂ ਸਕੋਲੀਜੀ ਜਾਂ ਲਾਈਵ ਡਿਟੈਕਟਿਵ ਟੈਸਟ ਆਦਿ ਨਾਲ ਪੁਲਿਸ ਨੂੰ ਅਡਵਾਂਸ ਕੀਤਾ ਜਾਵੇ। ਇਨ੍ਹਾਂ ਸਾਰੇ ਮਤਿਆਂ ਨੂੰ ਮੌਕੇ ਤੇ ਮੌਜੂਦ ਸੰਗਤਾਂ ਨੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ। ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਧਿਕਾਰੀ ਖੁਸ਼ਪਾਲ ਸਿੰਘ, ਹਾਈਕੋਰਟ ਦੇ ਜੱਜ ਜਸਟਿਸ ਰਣਜੀਤ ਸਿੰਘ, ਪੀੜਤ ਮੋਹਨਜੀਤ ਸਿੰਘ ਸ਼ੇਰੋ, ਮ੍ਰਿਤਕ ਗੁਲਜਾਰ ਸਿੰਘ ਦੀ ਪਤਨੀ ਪਾਲ ਕੌਰ, ਪੁੱਤਰ ਲਖਵਿੰਦਰ ਸਿੰਘ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਡਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਇਕਬਾਲ ਸਿੰਘ ਝੂੰਦਾਂ, ਚਮਨਦੀਰ ਸਿੰਘ ਮਿਲਖੀ, ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਅਰਵਿੰਦ ਖੰਨਾ, ਪਰਮਜੀਤ ਕੌਰ ਵਿਰਕ, ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਦਮਨ ਥਿੰਦ ਬਾਜਵਾ,ਇਕਬਾਲਜੀਤ ਸਿੰਘ ਪੂਨੀਆ, ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਭਾਜਪਾ ਆਗੂ ਰਣਦੀਪ ਦਿਓਲ, ਵਿਜੈ ਲੰਕੇਸ਼. ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ, ਰਜਿੰਦਰ ਦੀਪਾ ਮੌਜੂਦ ਸਨ।