ਜਨਗਣਨਾ-2027 ਫੇਜ਼-2 ਸਬੰਧੀ ਨਗਰ ਪੰਚਾਇਤ ਖਨੌਰੀ ਵੱਲੋਂ ਟ੍ਰੇਨਿੰਗ ਕੈਂਪ ਲਾਇਆ ਜਨਗਣਨਾ-2027 ਫੇਜ਼-2 ਸਬੰਧੀ ਨਗਰ ਪੰਚਾਇਤ ਖਨੌਰੀ ਵੱਲੋਂ ਟ੍ਰੇਨਿੰਗ ਕੈਂਪ ਲਾਇਆ
Publish Date: Fri, 23 Oct 2026 04:15 PM (IST)
Updated Date: Fri, 23 Oct 2026 04:16 PM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਜਨਗਣਨਾ-2027 ਫੇਜ਼-2 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸੈਂਸਜ ਅਫ਼ਸਰ, ਸੰਗਰੂਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਖਨੌਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਜ਼ ਦਾ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਖਨੌਰੀ ਨਾਲ ਸਬੰਧਤ ਸਾਰੇ ਬਲਾਕਾਂ ਦੇ ਇੰਚਾਰਜਾਂ ਨੇ ਹਾਜ਼ਰੀ ਭਰੀ ਅਤੇ ਜਨਗਣਨਾ ਦੀ ਪ੍ਰਕਿਰਿਆ ਸਬੰਧੀ ਸਿਖਲਾਈ ਪ੍ਰਾਪਤ ਕੀਤੀ। ਟ੍ਰੇਨਿੰਗ ਦੌਰਾਨ ਸਾਰੇ ਬਲਾਕ ਇੰਚਾਰਜਾਂ ਨੂੰ ਮੋਬਾਈਲ ਐਪ ਰਾਹੀਂ ਜਨਗਣਨਾ ਦੇ ਵੱਖ-ਵੱਖ ਫੀਚਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਐਪ ਦੀ ਵਰਤੋਂ ਕਰਨ, ਇਸ ਦੇ ਵੱਖ-ਵੱਖ ਵਿਕਲਪਾਂ ਨੂੰ ਸਮਝਣ ਅਤੇ ਜਨਗਣਨਾ ਨਾਲ ਸਬੰਧਤ ਜਾਣਕਾਰੀ ਨੂੰ ਡਿਜੀਟਲ ਤਰੀਕੇ ਨਾਲ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਐਪ ਰਾਹੀਂ ਕੰਮ ਕਰਨ ਸਮੇਂ ਤਕਨੀਕੀ ਪੱਖਾਂ ਨੂੰ ਸਮਝਣ ਅਤੇ ਜਾਣਕਾਰੀ ਨੂੰ ਸਹੀ ਢੰਗ ਨਾਲ ਦਰਜ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਫੀਲਡ ਟ੍ਰੇਨਰ ਦਲਵੀਰ ਸਿੰਘ , ਦਵਿੰਦਰ ਸਿੰਘ ਅਤੇ ਤਕਨੀਕੀ ਸਹਾਇਕ ਗੁਰਮੀਤ ਸਿੰਘ ਵਲੋ ਜਨਗਣਨਾ -2027 ਫੇਜ 2 ਲਈ ਮੋਬਾਈਲ ਐਪ ਅਤੇ ਆਨਲਾਈਨ ਪੋਰਟਲ ਤੇ ਕੰਮ ਸੁਚਾਰੂ ਢੰਗ ਨਾਲ ਕਰਨ ਦੀ ਸਿਖਲਾਈ ਦਿੱਤੀ ਗਈ । ਕੈਂਪ ਦਾ ਮੁੱਖ ਉਦੇਸ਼ ਬਲਾਕ ਇੰਚਾਰਜਾਂ ਨੂੰ ਜਨਗਣਨਾ ਦੇ ਕੰਮ ਲਈ ਤਕਨੀਕੀ ਤੌਰ ’ਤੇ ਸਮਰੱਥ ਬਣਾਉਣਾ ਅਤੇ ਆਉਣ ਵਾਲੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰ ਕਰਨਾ ਸੀ। ਇਸ ਮੌਕੇ ਮੋਬਾਈਲ ਐਪ ਦੀ ਸਹੀ ਵਰਤੋਂ ਅਤੇ ਜਨਗਣਨਾ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ’ਤੇ ਜ਼ੋਰ ਦਿੱਤਾ ਗਿਆ। ਨਗਰ ਪੰਚਾਇਤ ਖਨੌਰੀ ਵੱਲੋਂ ਲਾਏ ਗਏ ਇਸ ਸਿਖਲਾਈ ਕੈਂਪ ਰਾਹੀਂ ਬਲਾਕ ਇੰਚਾਰਜਾਂ ਨੂੰ ਜਨਗਣਨਾ ਦੇ ਕੰਮ ਸਬੰਧੀ ਲੋੜੀਂਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ, ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਅ ਸਕਣ।