- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਪੰਡੋਰੀ ਨੇ ਸ਼ੇਰਪੁਰ ਤੋਂ ਚੋਣ ਮੁਹਿੰਮ ਦਾ ਕੀਤਾ ਆਗਾਜ਼

ਤੀਜੀ ਵਾਰ ਟਿਕਟ ਮਿਲਣ ਮਗਰੋਂ ਵਰਕਰਾਂ ਨਾਲ ਕੀਤੀ ਮੀਟਿੰਗ
ਕਿਹਾ, ‘ਮੈਂ ਸੇਵਾਦਾਰ ਬਣ ਕੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ’
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਸ਼ੇਰਪੁਰ : ਆਮ ਆਦਮੀ ਪਾਰਟੀ ਵੱਲੋਂ ਹਲਕਾ ਮਹਿਲ ਕਲਾਂ ਤੋਂ ਤੀਜੀ ਵਾਰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਧਾਨ ਸਭਾ ਚੋਣਾਂ-2026 ਲਈ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਸ਼ੇਰਪੁਰ ਤੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਅਤੇ ਸਰਪੰਚ ਰਾਜਵਿੰਦਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦਾ ਇਕੱਠ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਪੰਡੋਰੀ ਨੇ ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਸੇਵਾ ਨੂੰ ਆਪਣੀ ਮੁੱਖ ਤਰਜੀਹ ਦੱਸਿਆ।
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਲਈ ਇੱਕ ਸੇਵਾਦਾਰ ਵਜੋਂ ਦਿਨ-ਰਾਤ ਕੰਮ ਕੀਤਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਕਿਸੇ ਤੋਂ ਪਾਰਟੀ ਪੁੱਛ ਕੇ ਕੰਮ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਨੇ ਉਨ੍ਹਾਂ ’ਤੇ ਤੀਜੀ ਵਾਰ ਭਰੋਸਾ ਪ੍ਰਗਟਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਮੁੜ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਪੰਡੋਰੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਅਤੇ ਹੋਰ ਬੁਨਿਆਦੀ ਸਹੂਲਤਾਂ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪਿੰਡਾਂ ਦੀ ਦਿੱਖ ਬਦਲਣ ਦੇ ਯਤਨ ਕੀਤੇ ਗਏ ਹਨ।
ਉਨ੍ਹਾਂ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਔਰਤਾਂ ਲਈ ਵਿੱਤੀ ਸਹਾਇਤਾ, ਮੁਫ਼ਤ ਬੱਸ ਸਫ਼ਰ ਅਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉਪਰਾਲਿਆਂ ਨੂੰ ਵੀ ਇਤਿਹਾਸਿਕ ਦੱਸਿਆ। ਵਿਧਾਇਕ ਪੰਡੋਰੀ ਨੇ ਵਰਕਰਾਂ ਨੂੰ ਚੋਣ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਟਿਕਟ ਮਿਲਣ ਤੋਂ ਬਾਅਦ ਹੁਣ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਦੀ ਹੈ।
ਇਕੱਠ ਤੋਂ ਬਾਅਦ ਵਿਧਾਇਕ ਪੰਡੋਰੀ ਨੇ ਸ਼ੇਰਪੁਰ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਰਪੰਚ ਰਾਜਵਿੰਦਰ ਸਿੰਘ ਸ਼ੇਰਪੁਰ, ਨੌਜਵਾਨ ਆਗੂ ਗੁਰਦੀਪ ਸਿੰਘ ਅਲੀਪੁਰ ਖਾਲਸਾ ਅਤੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਰਕਰ ਪੂਰੀ ਸਰਗਰਮੀ ਨਾਲ ਚੋਣ ਮੁਹਿੰਮ ਚਲਾਉਣਗੇ ਅਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾਕੇ ਵਿਧਾਨ ਸਭਾ ਭੇਜਣਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ, ਸੀਨੀਅਰ ਆਗੂ ਤੇਜਾ ਸਿੰਘ ਆਜ਼ਾਦ, ਸਰਪੰਚ ਦਵਿੰਦਰ ਸਿੰਘ ਗੋਬਿੰਦਪੁਰਾ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਬਿੱਲੂ, ਸਰਪੰਚ ਗੁਰਜੰਟ ਸਿੰਘ ਗੁਰਬਖਸ਼ਪੁਰਾ, ਹਰਜਿੰਦਰ ਸਿੰਘ ਕਾਕਾ, ਹੰਸਾ ਸਿੰਘ ਗੰਡੇਵਾਲ, ਪ੍ਰਕਾਸ਼ ਚੰਦ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।