ਵ੍ਹੀਕਲਾਂ ’ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ ਕਰਨ ਸਬੰਧੀ ਲਿਆ ਨੋਟਿਸ
ਬਰਨਾਲਾ 'ਚ ਵਹੀਕਲਾਂ 'ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ ਕਰਨ ਸਬੰਧੀ ਵਿਧਾਇਕ ਢਿੱਲੋਂ ਨੇ ਲਿਆ ਸਖ਼ਤ ਨੋਟਿਸ
Publish Date: Thu, 02 Apr 2026 05:49 PM (IST)
Updated Date: Fri, 03 Apr 2026 04:11 AM (IST)

ਲੋਕਾਂ ਦਾ ਪੈਸਾ ਤੇ ਸਮਾਂ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ : ਵਿਧਾਇਕ ਢਿੱਲੋਂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਸਹੂਲਤਾਂ ਦਾ ਕੀ ਦੇਣੀਆਂ ਸਨ ਸਗੋਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਬੰਦ ਕਰ ਕੇ ਲੋਕਾਂ ਦੇ ਪੱਲੇ ਖੱਜਲ ਖ਼ੁਆਰੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਵੱਲੋਂ ਖਰੀਦੇ ਗਏ ਵ੍ਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਬੰਦ ਕਰ ਦਿੱਤਾ ਹੈ ਤੇ ਹੁਣ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਲੋਕਾਂ ਨੂੰ ਆਪਣੇ ਵਹੀਕਲਾਂ ’ਤੇ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝ ਤੋਂ ਪਰ੍ਹੇ ਹੈ ਕਿ ਸਰਕਾਰ ਅੱਗੇ ਵਧਣ ਦੀ ਬਜਾਏ ਪਿੱਛੇ ਵੱਲ ਮੁੜ ਰਹੀ ਹੈ ਤੇ ਆਮ ਲੋਕਾਂ ’ਤੇ ਹਰ ਰੋਜ਼ ਨਵਾਂ ਬੋਝ ਪਾਇਆ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਜਾਣ ਨਾਲ ਲੋਕਾਂ ਦਾ ਜਿੱਥੇ ਪੈਸਾ ਖ਼ਰਾਬ ਹੋਵੇਗਾ ਉੱਥੇ ਕੀਮਤੀ ਸਮਾਂ ਵੀ ਖ਼ਰਾਬ ਹੋਵੇਗਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲਾ ’ਚ ਸਰਕਾਰੀ ਇਮਾਰਤਾਂ ਦੀ ਘਾਟ ਨਹੀਂ ਹੈ ਤੇ ਨਾ ਹੀ ਇੱਥੇ ਵਹੀਕਲਾਂ ਦੀ ਖਰੀਦੋ ਫਰੋਖਤ ਦੇ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸਰਕਾਰ ਦੀ ਨੀਅਤ ਮਾੜੀ ਹੈ। ਇਸ ਕਰ ਕੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲੇ ਦੇ ਸਰਕਾਰੀ ਹਸਪਤਾਲ ਨੂੰ ਪਹਿਲਾਂ ਤੋਂ ਹੀ ਰੈਫਰਲ ਹਸਪਤਾਲ ਕਿਹਾ ਜਾਂਦਾ ਹੈ ਤੇ ਹੁਣ ਬਰਨਾਲਾ ਦੇ ਡੀਟੀਓ ਦਫ਼ਤਰ ਨੂੰ ਵੀ ਰੈਫਰਲ ਦਫ਼ਤਰ ਹੀ ਬਣਾ ਦਿੱਤਾ ਜਾਵੇਗਾ ਕਿਉਂਕਿ ਡੀਟੀਓ ਦਫ਼ਤਰ ਨਾਲ ਸਬੰਧਿਤ ਨਿੱਕੇ-ਨਿੱਕੇ ਕੰਮ ਵੀ ਕਰਵਾਉਣ ਲਈ ਵੀ ਲੋਕਾਂ ਨੂੰ ਬਾਕੀ ਜ਼ਿਲ੍ਹਿਆਂ ’ਚ ਜਾਣਾ ਪਵੇਗਾ। ਵਿਧਾਇਕ ਢਿੱਲੋਂ ਨੇ ਸਰਕਾਰ ਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਵਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਹੀ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਵ੍ਹੀਕਲਾਂ ’ਤੇ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਹੀ ਜਾਣਾ ਪਵੇਗਾ ਤਾਂ ਉਹ ਇਹ ਬਰਦਾਸ਼ਤ ਨਹੀਂ ਕਰਨਗੇ ਤੇ ਜਲਦੀ ਹੀ ਇਹ ਸਹੂਲਤ ਬਰਨਾਲਾ ਚ ਸ਼ੁਰੂ ਕਰਵਾਉਣ ਲਈ ਜੱਦੋਂ ਜਹਿਦ ਕਰਨਗੇ। ਵਿਧਾਇਕ ਢਿੱਲੋਂ ਨੇ ਬਰਨਾਲਾ ਜ਼ਿਲ੍ਹਾ ਬਣਨ ਤੋਂ ਬਾਅਦ ਪਿਛਲੀਆਂ ਸਰਕਾਰਾਂ ’ਤੇ ਦਫ਼ਤਰਾਂ ਤੇ ਸਟਾਫ਼ ਦੀ ਕਮੀ ਸਬੰਧੀ ਸਵਾਲ ਚੁੱਕਣ ਵਾਲੇ ਸੱਤਾਧਾਰੀ ਆਗੂਆਂ ਦੀ ਚੁੱਪ ’ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਦੀ ਆਪਣੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਆਗੂ ਚੁੱਪ ਵੱਟੀ ਬੈਠੇ ਹਨ ਜਦ ਕਿ ਪਿਛਲੀਆਂ ਸਰਕਾਰਾਂ ਮੌਕੇ ਇਨ੍ਹਾਂ ਨੇ ਅਜਿਹੇ ਮੁੱਦਿਆਂ ਨੂੰ ਮੁੱਖ ਮੁੱਦੇ ਬਣਾਇਆ ਹੋਇਆ ਸੀ।