ਲੈਕਚਰਾਰਾਂ ਦੀ ਘਾਟ ਸਬੰਧੀ ਸਹੀ ਜਵਾਬ ਨਾ ਮਿਲਣ 'ਤੇ ਵਿਧਾਇਕ ਢਿੱਲੋ ਨੇ ਵਿਧਾਨ ਸਭਾ 'ਚ ਕੀਤਾ ਰੋਸ ਪ੍ਰਗਟ ਲੈਕਚਰਾਰਾਂ ਦੀ ਘਾਟ ਸਬੰਧੀ ਸਹੀ ਜਵਾਬ ਨਾ ਮਿਲਣ 'ਤੇ ਵਿਧਾਇਕ ਢਿੱਲੋ ਨੇ ਵਿਧਾਨ ਸਭਾ 'ਚ ਕੀਤਾ ਰੋਸ ਪ੍ਰਗਟ
Publish Date: Wed, 05 Aug 2026 06:59 PM (IST)
Updated Date: Thu, 06 Aug 2026 04:02 AM (IST)
--ਸਪੀਕਰ ਨੇ ਵਿਧਾਇਕ ਕਾਲਾ ਢਿੱਲੋ ਦਾ ਕੀਤਾ ਮਾਈਕ ਬੰਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੈਕਚਰਾਰਾਂ ਤੇ ਗੈਸਟ ਫੈਕਲਿਟੀ ਦੀਆਂ ਖਾਲੀ ਅਸਾਮੀਆਂ ਸਬੰਧੀ ਵਿਧਾਨ ਸਭਾ ਵਿੱਚ ਲਗਾਏ ਇੱਕ ਸਵਾਲ ਦਾ ਸਹੀ ਜਵਾਬ ਨਾ ਮਿਲਣ ਕਰਕੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਧਾਨ ਸਭਾ ਚ ਸਪੀਕਰ ਦੀ ਗੈਲਰੀ ਚ ਜਾ ਕੇ ਰੋਸ ਪ੍ਰਗਟ ਕੀਤਾ ਅਤੇ ਵਾਕ ਆਊਟ ਕੀਤਾ। ਇਸ ਸਬੰਧੀ ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਕਾਲਜਾਂ ਚ ਲੈਕਚਰਾਰਾਂ ਦੀ ਘਾਟ ਤੇ ਗੈਸਟ ਫੈਕਲਿਟੀ ਲੈਕਚਰਾਰਾ ਨੂੰ ਪੱਕੇ ਕਰਨ ਸਬੰਧੀ ਸਵਾਲ ਲਗਾਇਆ ਸੀ। ਜਿਸ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੋਲ ਮੋਲ ਜਵਾਬ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਮਾਨਯੋਗ ਸਪੀਕਰ ਦੇ ਜ਼ਰੀਏ ਮੰਤਰੀ ਤੋਂ ਸਹੀ ਜਵਾਬ ਦੀ ਮੰਗ ਕੀਤੀ ਪਰ ਫਿਰ ਵੀ ਸਿੱਖਿਆ ਮੰਤਰੀ ਨੇ ਉਹਨਾਂ ਦੇ ਸਵਾਲ ਦਾ ਸਹੀ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਰੋਸ ਵਿੱਚ ਆਏ ਵਿਧਾਇਕ ਢਿੱਲੋਂ ਨੇ ਸਪੀਕਰ ਸਾਹਮਣੇ ਜਾ ਕੇ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲਦੇ ਹੋਏ ਬੋਲਣਾ ਸ਼ੁਰੂ ਕੀਤਾ ਤੇ ਰੋਸ ਪ੍ਰਗਟ ਕੀਤਾ। ਪੰਜਾਬ ਦੀ ਸਿੱਖਿਆ ਨਾਲ ਜੁੜੇ ਇੱਕ ਮਹੱਤਵਪੂਰਨ ਸਵਾਲ ਦਾ ਸਹੀ ਜਵਾਬ ਨਾ ਮਿਲਣ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਵਿਧਾਨ ਸਭਾ ਚੋਂ ਵਾਕ ਆਊਟ ਕੀਤਾ। ਇਸ ਮਾਮਲੇ ਸਬੰਧੀ ਅੱਗੇ ਗੱਲ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਇਹਨਾਂ ਲੈਕਚਰਾਰਾਂ ਦੀਆਂ ਸਮੱਸਿਆਵਾਂ ਦਾ ਮਾਮਲਾ ਉਠਾਉਂਦੀ ਰਹੀ ਪ੍ਰੰਤੂ ਆਪਣੀ ਸਰਕਾਰ ਦੇ ਪੰਜ ਵਰ੍ਹੇ ਬੀਤਣ ਦੇ ਬਾਵਜੂਦ ਵੀ ਆਪ ਸਰਕਾਰ ਨੇ ਪੰਜਾਬ ਦੇ ਕਾਲਜਾਂ ਚ ਲੈਕਚਰਾਰਾਂ ਦੀ ਘਾਟ ਅਤੇ ਕੱਚੇ ਲੈਕਚਰਾਰਾਂ ਨੂੰ ਪੱਕੇ ਕਰਨ ਸਬੰਧੀ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ਼ ਕਾਗਜਾਂ ਦਾ ਸ਼ਿੰਗਾਰ ਬਣੀ ਹੋਈ ਹੈ ਅਤੇ ਇਸ ਸਬੰਧੀ ਪੰਜਾਬ ਦੀਆਂ ਸੜਕਾਂ ਤੇ ਵੱਡੇ ਵੱਡੇ ਫਲੈਕਸ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਨਾਲ ਜੁੜੇ ਇੱਕ ਮਹੱਤਵਪੂਰਨ ਮੁੱਦੇ ਤੇ ਸਵਾਲ ਉਠਾਉਣ ਤੋਂ ਬਾਅਦ ਵੀ ਉਹਨਾਂ ਦਾ ਮਾਈਕ ਬੰਦ ਕਰਕੇ ਲੋਕ ਵਿਰੋਧੀ ਸਰਕਾਰ ਨੇ ਸਿਰਫ਼ ਉਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਸਗੋਂ ਇਹ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਦੀ ਆਵਾਜ਼ ਬੰਦ ਕੀਤੀ ਗਈ ਹੈ ਜਿਹੜੇ ਲੈਕਚਰਾਰਾਂ ਦੀ ਘਾਟ ਕਾਰਨ ਪੜ੍ਹਾਈ ਦੇ ਖੇਤਰ ਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।