ਸੁਨਾਮ ’ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ ਸੁਨਾਮ ’ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ
Publish Date: Fri, 21 Aug 2026 04:22 PM (IST)
Updated Date: Sat, 22 Aug 2026 04:01 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈਕੇ ਸ਼ੁੱਕਰਵਾਰ ਨੂੰ ਸਵੇਰੇ 7 ਤੋਂ 2 ਤੱਕ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ’ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਸਵੇਰ ਸਮੇਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਬਾਹਰਲੇ ਇਲਾਕਿਆਂ ਅੰਦਰ ਦੁਕਾਨਾਂ ਬੰਦ ਰਹੀਆਂ ਪਰ ਬਾਅਦ ਵਿੱਚ ਇੱਕਾ ਦੁੱਕਾ ਦੁਕਾਨਾਂ ਖੁੱਲ੍ਹ ਗਈਆਂ। ਬੱਸ ਸਰਵਿਸ ਬੰਦ ਰਹਿਣ ਕਾਰਨ ਜਾਣ ਆਉਣ ਵਾਲਿਆਂ ਨੂੰ ਮੁਸ਼ਕਿਲਾਂ ਪੇਸ਼ ਆਈਆਂ। ਦੱਸ ਦੇਈਏ ਸਵੇਰੇ 7 ਤੋਂ 2 ਵਜੇ ਤੱਕ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਦੁਕਾਨਦਾਰਾਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਰੱਖੀਆਂ, ਬੰਦ ਦਾ ਸੱਦਾ ਦੇਣ ਵਾਲੀਆਂ ਧਿਰਾਂ ਦੇ ਆਗੂ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਕਰਵਾਉਣ ਲਈ ਕਿਧਰੇ ਨਜ਼ਰ ਨਹੀਂ ਆਏ। ਇਸੇ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਕਰਮਜੀਤ ਸਿੰਘ ਸੁਨਾਮ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੱਤੋਕੇ, ਪ੍ਰੈਸ ਸਕੱਤਰ ਭਗਵੰਤ ਸਿੰਘ ਚੰਦੜ੍ਹ, ਕੁਲਵੰਤ ਸਿੰਘ ਕੋਟੜਾ ਅਤੇ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਦੇਕੇ ਸਿੱਖ ਕੌਮ ਨਾਲ ਵਿਤਕਰਾ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਦੋਹਰੇ ਮਾਪਦੰਡ ਲੋਕਤੰਤਰ ਦਾ ਘਾਣ ਕਰ ਰਹੇ ਹਨ। ਉਕਤ ਆਗੂਆਂ ਨੇ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਉਸਦੀ ਬਿਮਾਰ ਮਾਤਾ ਨੂੰ ਮਿਲਣ ਲਈ ਬਿਨਾਂ ਦੇਰੀ ਪੈਰੋਲ ਦਿੱਤੀ ਜਾਵੇ। ਉਨ੍ਹਾਂ ਬੰਦ ਨੂੰ ਸਫ਼ਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸ਼ਾਂਤਮਈ ਮੁਕੰਮਲ ਬੰਦ ਤੋਂ ਸਰਕਾਰਾਂ ਨੂੰ ਸਬਕ ਲੈਣ ਦੀ ਲੋੜ ਹੈ।