ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ’ਚ ਵੰਡੇ ਘਰਾਂ ਦੇ ਮਾਲਕੀ ਹੱਕ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ’ਚ ਵੰਡੇ ਘਰਾਂ ਦੇ ਮਾਲਕੀ ਹੱਕ
Publish Date: Tue, 10 Nov 2026 04:24 PM (IST)
Updated Date: Tue, 10 Nov 2026 04:26 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਗਲਵਾਰ ਨੂੰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਸੁਨਾਮ ਵਿਧਾਨ ਸਭਾ ਹਲਕੇ ਦੇ ਪੰਜ ਪਿੰਡਾਂ ਦੇ 1,338 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ਼ ਸੌਂਪੇ। ਇਸ ਸਬੰਧੀ ਪਿੰਡ ਭਰੂਰ, ਨਮੋਲ, ਕਿਲ੍ਹਾ ਭਰੀਆਂ, ਲੋਹਾਖੇੜਾ ਅਤੇ ਬੁੱਗਰ ਵਿਖੇ ਵੱਖ-ਵੱਖ ਵੰਡ ਸਮਾਗਮ ਕਰਵਾਏ ਗਏ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਭਰੂਰ ਵਿੱਚ 133, ਨਮੋਲ ਵਿੱਚ 585, ਕਿਲ੍ਹਾ ਭਰੀਆਂ ਵਿੱਚ 260, ਲੋਹਾਖੇੜਾ ਵਿੱਚ 213 ਅਤੇ ਬੁੱਗਰ ਵਿੱਚ 147 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਵੰਡ ਸਮਾਗਮ ਕਰਵਾਉਣ ਨਾਲ ਲਾਭਪਾਤਰੀਆਂ ਨੂੰ ਆਪਣੇ ਪਿੰਡ ਵਿੱਚ ਹੀ ਇਹ ਦਸਤਾਵੇਜ਼ ਪ੍ਰਾਪਤ ਕਰਨ ਦੀ ਸਹੂਲਤ ਮਿਲੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਲਾਲ ਲਕੀਰ ਅੰਦਰ ਕਈ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਕਈ ਪਰਿਵਾਰਾਂ ਕੋਲ ਆਪਣੇ ਘਰ ਦੀ ਮਾਲਕੀ ਦਰਸਾਉਣ ਲਈ ਦਸਤਾਵੇਜ਼ ਉਪਲੱਬਧ ਨਹੀਂ ਸਨ। ਉਨ੍ਹਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਦਾ ਉਦੇਸ਼ ਅਜਿਹੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦਾ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਲਈ ਆਪਣੇ ਘਰ ਦੀ ਮਾਲਕੀ ਦਾ ਸਬੂਤ ਹੋਣਾ ਬਹੁਤ ਅਹਿਮ ਹੈ। ਘਰ ਅਤੇ ਉਸ ਦੇ ਮਾਲਕ ਦੇ ਵੇਰਵੇ ਦਸਤਾਵੇਜ਼ ਵਿੱਚ ਦਰਜ ਹੋਣ ਨਾਲ ਪਰਿਵਾਰ ਲੋੜ ਪੈਣ ’ਤੇ ਆਪਣੀ ਮਾਲਕੀ ਦਾ ਸਬੂਤ ਪੇਸ਼ ਕਰ ਸਕਦੇ ਹਨ। ਇਹ ਰਿਕਾਰਡ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਅਹਿਮ ਹੈ, ਕਿਉਂਕਿ ਉਨ੍ਹਾਂ ਕੋਲ ਆਪਣੇ ਘਰ ਦੀ ਮਾਲਕੀ ਸਬੰਧੀ ਲਿਖਤੀ ਵੇਰਵਾ ਉਪਲਬਧ ਰਹੇਗਾ। ਇਸ ਮੌਕੇ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।