- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਡ ਡੇ ਮੀਲ ਕੁੱਕ ਬੀਬੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਮਿਡ ਡੇ ਮੀਲ ਕੁੱਕ ਯੂਨੀਅਨ ਦੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਰ-ਵਾਰ ਵਾਅਦਾ ਕੀਤਾ ਕਿ ਉਨ੍ਹਾਂ ਦੀਆਂ ਤਨਖਾਹਾਂ ਤੁਰੰਤ ਦੁੱਗਣੀਆਂ ਕੀਤੀਆਂ ਜਾਣਗੀਆਂ, ਪ੍ਰੰਤੂ ਪੰਜ ਸਾਲ ਬੀਤ ਜਾਣ ਤੇ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ। ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸਿਮਰਨਜੀਤ ਕੌਰ ਅਜਨੌਦਾ, ਜਲ ਕੌਰ ਬਠਿੰਡਾ, ਕੁਲਵੰਤ ਕੌਰ ਕਲਿਆਣ, ਕੁਲਵੀਰ ਕੌਰ ਫਤਿਹਗੜ੍ਹ ਸਾਹਿਬ, ਮਨਜੀਤ ਕੌਰ ਹੋਲ, ਸੀਮਾ ਰਾਣੀ ਨਾਭਾ, ਸਹਿਨਾਜ ਮੂਨਕ, ਪਰਮਜੀਤ ਕੌਰ ਨਰਾਇਣਗੜ੍ਹ, ਕਮਲੇਸ ਮਾਲੇਰਕੋਟਲਾ ਨੇ ਦੱਸਿਆ ਕਿ ਵਿੱਤ ਕਮੇਟੀ ਦੇ ਇੰਚਾਰਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਕੁੱਕ ਬੀਬੀਆਂ ਦੀਆਂ ਮੰਗਾਂ ਨੂੰ ਲੈ ਕੇ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ। ਪਰ ਨਤੀਜਾ ਕੋਈ ਨਹੀਂ ਨਿਕਲਿਆ।
ਉਨ੍ਹਾਂ ਕਿਹਾ ਸਰਕਾਰ ਇੱਕ ਪਾਸੇ ਦਾਅਵੇ ਕਰਦੀ ਹੈ ਕਿ 1 ਮਈ ਤੋਂ ਘੱਟੋ ਘੱਟ ਉਜ਼ਰਤਾਂ ਦੇ ਵਿੱਚ 15 ਫੀਸਦੀ ਵਾਧਾ ਕੀਤਾ ਗਿਆ ਅਤੇ ਮੁਲਾਜ਼ਮਾਂ ਨੂੰ ਸਾਢੇ ਚਾਰ ਸਾਲ ਦੇ ਵਿੱਚ ਕਈ ਵਾਰ ਡੀਏ ਦਿੱਤਾ ਹੈ, ਪਰ ਮਿਡ ਡੇ ਮੀਲ ਕੁੱਕ ਨੂੰ ਸਰਕਾਰ ਲਗਾਤਾਰ ਬੇਧਿਆਨ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਕੁੱਕ ਬੀਬੀਆਂ ਨੂੰ ਸਿਰਫ 3000 ਮਹੀਨਾ ਤਨਖਾਹ ਮਿਲਦੀ ਹੈ । ਕੁੱਕ ਬੀਬੀਆਂ ਸਖਤ ਮਿਹਨਤ ਵਾਲਾ ਕੰਮ ਕਰਦੀਆਂ ਹਨ। ਇਸ ਲਈ ਇਹਨਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤਾਂ ਅਧੀਨ ਲੈ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ 7000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਿਹਾ ਹੈ । ਯੂਪੀ ਸਰਕਾਰ ਨੇ ਤਨਖਾਹ ਵਧਾ ਕੇ 12000 ਰੁਪਏ ਕਰ ਦਿੱਤੀ ਹੈ। ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਮਿਡ ਡੇ ਮੀਲ ਲਈ ਤਾਮਿਲਨਾਡੂ ਮਾਡਲ ਲਾਗੂ ਕਰਨਾ ਚਾਹੁੰਦਾ ਸੀ। ਤਾਮਿਲਨਾਡੂ ਸਰਕਾਰ ਮਿਡ ਡੇ ਮੀਲ ਕੁੱਕ ਨੂੰ 12000 ਰੁਪਏ ਮਹੀਨੇ ਦਿੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ। ਉਨ੍ਹਾਂ ਨੂੰ ਸਕੂਲ ਵਿੱਚੋਂ ਹਟਾਉਣ ਸਮੇਂ ਘੱਟੋ ਘੱਟ ਪੰਜ ਲੱਖ ਰੁਪਏ ਦੀ ਗ੍ਰੈਚਟੀ ਦਿੱਤੀ ਜਾਵੇ, ਜੋ ਮਿਡ ਡੇ ਮੀਲ ਕੁੱਕ ਬੀਏ ਪਾਸ ਹਨ , ਉਹਨਾਂ ਨੂੰ ਦਫਤਰਾਂ ਵਿੱਚ ਮਿਡ ਡੇ ਮੀਲ ਦੇ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ। ਪੁਲ ਹੇਠ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਬਾਜ਼ਾਰ ਵਿੱਚ ਦੀ ਪ੍ਰਦਰਸ਼ਨ ਕਰਦੀਆਂ ਹੋਈਆਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਪਹੁੰਚ ਗਈਆਂ। ਪ੍ਰਸ਼ਾਸਨ ਨੇ 26 ਨਵੰਬਰ ਨੂੰ ਲਿਖਤੀ ਮੀਟਿੰਗ ਦਾ ਭਰੋਸਾ ਦਿੱਤਾ , ਤਾਂ ਹੀ ਬੀਬੀਆਂ ਸਾਂਤ ਹੋਈਆ। ਡਿਊਟੀ ਮੈਜਿਸਟਰੇਟ ਵੱਲੋਂ ਆ ਕੇ ਮੰਗ ਪੱਤਰ ਲਿਆ ਗਿਆ, ਅਤੇ ਮੀਟਿੰਗ ਸਬੰਧੀ ਦਸਤਾਵੇਜ਼ ਸੌਂਪਿਆ। ਇਥੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਜਖੇਪਲ, ਤਰਲੋਚਨ ਸਿੰਘ ਸੂਲਰ ਘਰਾਟ, ਕ੍ਰਿਸ਼ਨ ਸਿੰਘ ਲਬਾਣਾ, ਪਰਵਿੰਦਰ ਸਿੰਘ ਕਲਿਆਣ ਆਦਿ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪ੍ਰਤੀ ਸਰਕਾਰ ਨੇ ਮੀਟਿੰਗ ਵਿੱਚ ਕੋਈ ਨਤੀਜਾ ਨਾ ਕੱਢਿਆ ਤਾਂ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਵਿੱਚ ਪਿੰਡ ਪਿੰਡ ਜਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੀਆਂ।