ਮੇਅਰ ਦੇ ਨਵੇਂ ਦਫ਼ਤਰ ਤੇ ਆਨਲਾਈਨ ਹੈਲਪਡੈਸਕ ਦਾ ਮੀਤ ਹੇਅਰ ਨੇ ਕੀਤਾ ਉਦਘਾਟਨ ਬਰਨਾਲਾ ਨਗਰ ਨਿਗਮ 'ਚ ਮੇਅਰ ਦੇ ਨਵੇਂ ਦਫ਼ਤਰ ਤੇ ਆਨਲਾਈਨ ਹੈਲਪਡੈਸਕ ਦਾ ਮੀਤ ਹੇਅਰ ਨੇ ਕੀਤਾ ਉਦਘਾਟਨ
Publish Date: Sun, 16 Aug 2026 03:46 PM (IST)
Updated Date: Mon, 17 Aug 2026 04:00 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸ਼ੁਭ ਅਵਸਰ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਾਸੀਆਂ ਲਈ ਕਈ ਅਹਿਮ ਸਹੂਲਤਾਂ ਦਾ ਉਦਘਾਟਨ ਕੀਤਾ। ਨਗਰ ਕੌਸਲ ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣ ਉਪਰੰਤ, ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਨਗਰ ਨਿਗਮ ਨਾਲ ਸੰਬੰਧਿਤ ਸਮੁੱਚੇ ਕੰਮਕਾਜ ਨੂੰ ਆਨਲਾਈਨ ਕਰਦਿਆਂ ਇੱਕ ਨਵੇਂ ਹੈਲਪਡੈਸਕ (ਸਹਾਇਤਾ ਕੇਂਦਰ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ, ਨਗਰ ਨਿਗਮ ਦੀ ਆਲੀਸ਼ਾਨ ਇਮਾਰਤ ’ਚ ਨਵ-ਨਿਯੁਕਤ ਮੇਅਰ ਅਤੇ ਚੁਣੇ ਹੋਏ 50 ਕੌਂਸਲਰਾਂ ਦੇ ਬੈਠਣ ਲਈ ਇੱਕ ਨਵੇਂ ਆਧੁਨਿਕ ਦਫ਼ਤਰ ਦਾ ਵੀ ਰਸਮੀ ਉਦਘਾਟਨ ਕੀਤਾ ਗਿਆ। --ਇੱਕੋ ਛੱਤ ਹੇਠ ਮਿਲਣਗੀਆਂ ਸਾਰੀਆਂ ਸੇਵਾਵਾਂ : ਮੀਤ ਹੇਅਰ ਇਸ ਮੌਕੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਉਹ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਨਗਰ ਨਿਗਮ ਵਿੱਚ ਇਸ ਸਹਾਇਤਾ ਕੇਂਦਰ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਨੂੰ ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਉਹ ਨਿਗਮ ਨਾਲ ਸੰਬੰਧਿਤ ਆਪਣੇ ਕੰਮਕਾਜ ਖੁਦ ਆਨਲਾਈਨ ਕਰ ਸਕਣਗੇ। ਹੁਣ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਪਵੇਗੀ, ਸਗੋਂ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। -ਘਰ-ਘਰ ਲੱਗਣਗੇ ਕਿਊ-ਆਰ ਸਕੈਨਰ ਕੋਡ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੰਦਿਆਂ ਐਮਪੀ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਪੰਜਾਬ ਦਾ ਅਜਿਹਾ ਪਹਿਲਾ ਨਗਰ ਨਿਗਮ ਬਣੇਗਾ, ਜਿੱਥੇ ਹਰ ਰਿਹਾਇਸ਼ੀ ਤੇ ਵਪਾਰਕ ਜਾਇਦਾਦ ਦੇ ਬਾਹਰ ਸਕੈਨਰ ਕੋਡ ਲਗਾਇਆ ਜਾਵੇਗਾ। ਇਸ ਦੀ ਸ਼ੁਰੂਆਤ ਆਜ਼ਾਦੀ ਦਿਹਾੜੇ ਤੋਂ ਕਰ ਦਿੱਤੀ ਗਈ ਹੈ। ਇਸ ਸੁਵਿਧਾ ਰਾਹੀਂ ਲੋਕ ਆਪਣੇ ਮੋਬਾਈਲ ਫ਼ੋਨ ਤੋਂ ਘਰ ਦੇ ਬਾਹਰ ਲੱਗੇ ਸਕੈਨਰ ਨੂੰ ਸਕੈਨ ਕਰਕੇ ਆਪਣੇ ਘਰ ਜਾਂ ਦੁਕਾਨ ਨਾਲ ਸੰਬੰਧਿਤ ਮੁਕੰਮਲ ਜਾਣਕਾਰੀ ਹਾਸਲ ਕਰ ਸਕਣਗੇ। ਇਸ ਮੌਕੇ ਮੈਂਬਰ ਪਾਰਲੀਮੈਂਟ ਨਾਲ ਮੇਅਰ ਹਸਨਪ੍ਰੀਤ ਭਾਰਦਵਾਜ਼, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਜਸਵਿੰਦਰ ਸਿੰਘ, ਆਪ ਦੇ ਜਿਲ੍ਹਾ ਯੂਥ ਪ੍ਰਧਾਨ ਤੇ ਬਰਨਾਲਾ ਕਲੱਬ ਦੇ ਜਰਨਲ ਸੈਕਟਰੀ ਈਸਵਿੰਦਰ ਸਿੰਘ ਜੰਡੂ, ਨਗਰ ਨਿਗਮ ਦੇ ਸਮੂਹ ਕੌਂਸਲਰ, ਅਧਿਕਾਰੀ ਅਤੇ ਕਰਮਚਾਰੀਆਂ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ