ਮਾਤਾ ਗੁਜਰੀ ਸਕੂਲ ਨੇ ਖੇਡਾਂ ’ਚ ਗੱਡੇ ਝੰਡੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਤਾ ਗੁਜਰੀ ਸਕੂਲ ਭਦੌੜ ਨੇ ਗੱਡੇ ਜਿੱਤ ਦੇ ਝੰਡੇ
Publish Date: Wed, 07 Oct 2026 04:31 PM (IST)
Updated Date: Thu, 08 Oct 2026 04:03 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਖੋ-ਖੋ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਵੀਰ ਕੌਰ ਧਾਲੀਵਾਲ ਤੇ ਕੋਚ ਪ੍ਰਗਟ ਸਿੰਘ ਢਿਲਵਾਂ ਨੇ ਦੱਸਿਆ ਕਿ ਖੋ-ਖੋ ਦੇ ਅੰਡਰ-14 ਵਰਗ ’ਚ ਸਕੂਲ ਦੀ ਟੀਮ ਨੇ ਸੇਖਾ ਜ਼ੋਨ ਨਾਲ ਹੋਏ ਫਸਵੇਂ ਮੁਕਾਬਲੇ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ’ਚ ਵੀ ਵਿਦਿਆਰਥੀਆਂ ਨੇ ਭੈਣੀ ਫੱਤਾ ਜ਼ੋਨ ਨਾਲ ਹੋਏ ਰੋਮਾਂਚਕ ਮੁਕਾਬਲੇ ’ਚ ਜਿੱਤ ਦਰਜ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਦੱਸਿਆ ਕਿ ਹੁਣ ਬੱਚੇ ਜਿਲ੍ਹਾ ਜਿੱਤਣ ਤੋਂ ਬਾਅਦ ਪੰਜਾਬ ’ਚ ਬਰਨਾਲਾ ਜ਼ਿਲ੍ਹਾ ਦੀ ਨੁਮਾਇੰਦਗੀ ਕਰਨਗੇ। ਕੋਚ ਪ੍ਰਗਟ ਸਿੰਘ ਢਿਲਵਾਂ ਨੇ ਕਿਹਾ ਕਿ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਭਿਆਸ ਤੇ ਟੀਮ ਵਰਕ ਸਦਕਾ ਇਹ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀਆਂ ’ਚ ਬੇਹੱਦ ਪ੍ਰਤਿਭਾ ਹੈ ਤੇ ਆਉਣ ਵਾਲੇ ਸਮੇਂ ’ਚ ਵੀ ਉਹ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਮੈਨੇਜਮੈਂਟ ਵੱਲੋਂ ਕੋਚ ਪ੍ਰਗਟ ਸਿੰਘ ਢਿਲਵਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਦੇ ਐਮ.ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ, ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸਕੱਤਰ ਹਰਮਨ ਸਿੰਘ ਸਿੱਧੂ, ਮਾਸਟਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਮਾਨ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ। ਸਕੂਲ ਮੈਨੇਜਮੈਂਟ ਨੇ ਜੇਤੂ ਵਿਦਿਆਰਥੀਆਂ, ਕੋਚ ਤੇ ਸਮੁੱਚੇ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।