- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਜੀਤ ਕੌਰ ਸਫਾਈ ਸੇਵਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨ ਚੁਣੀ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਨਗਰ ਕੌਂਸਲ ਭਵਾਨੀਗੜ੍ਹ ਦੇ ਸਫਾਈ ਸੇਵਕ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਸਰਪ੍ਰਸਤ ਕਾਕਾ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਵੱਲੋਂ ਆਪਸੀ ਸਹਿਮਤੀ ਨਾਲ ਬੀਬੀ ਮਨਜੀਤ ਕੌਰ ਨੂੰ ਯੂਨੀਅਨ ਦੀ ਨਵੀਂ ਪ੍ਰਧਾਨ ਚੁਣਿਆ ਗਿਆ, ਜਦਕਿ ਚਰਨਜੀਤ ਕੌਰ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੇਂ ਅਹੁਦੇਦਾਰਾਂ ਦੀ ਚੋਣ ਮੌਕੇ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਚੋਣ ਦੌਰਾਨ ਯੂਨੀਅਨ ਦੇ ਹੋਰ ਅਹੁਦੇਦਾਰਾਂ ਦੀ ਵੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਤਹਿਤ ਬੀਰਬਲ ਸਿੰਘ ਨੂੰ ਚੇਅਰਮੈਨ, ਹਰੀਕਿਸ਼ਨ ਸਿੰਘ ਨੂੰ ਜਨਰਲ ਸਕੱਤਰ, ਰਾਣੀ ਕੌਰ ਨੂੰ ਖ਼ਜ਼ਾਨਚੀ, ਜਸਵੀਰ ਸਿੰਘ ਨੂੰ ਸਲਾਹਕਾਰ ਅਤੇ ਗੁਰਸੇਵਕ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਿਸ਼ਨ ਸਿੰਘ ਨੂੰ ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ।
ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਨਵੀਂ ਚੁਣੀ ਪ੍ਰਧਾਨ ਬੀਬੀ ਮਨਜੀਤ ਕੌਰ ਸਮੇਤ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਨਵੀਂ ਟੀਮ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਨੂੰ ਸਾਂਝੇ ਤੌਰ ’ਤੇ ਉਠਾਉਂਦਿਆਂ ਉਨ੍ਹਾਂ ਦੇ ਹੱਕਾਂ ਅਤੇ ਭਲਾਈ ਲਈ ਕੰਮ ਕਰੇਗੀ। ਬੁਲਾਰਿਆਂ ਨੇ ਕਿਹਾ ਕਿ ਸਫ਼ਾਈ ਸੇਵਕ ਨਗਰ ਕੌਂਸਲ ਦੇ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਨ੍ਹਾਂ ਦੀ ਸੇਵਾ ਬੇਹੱਦ ਮਹੱਤਵਪੂਰਨ ਹੈ।
ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਦੀ ਏਕਤਾ ਅਤੇ ਸਹਿਯੋਗ ਨਾਲ ਯੂਨੀਅਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨਾਲ ਸਬੰਧਤ ਮਸਲਿਆਂ ਨੂੰ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ ਅਤੇ ਨਗਰ ਕੌਂਸਲ ਪੱਧਰ ’ਤੇ ਵੀ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਢੁਕਵੇਂ ਢੰਗ ਨਾਲ ਰੱਖਿਆ ਜਾਵੇਗਾ।
ਅੰਤ ਵਿੱਚ ਯੂਨੀਅਨ ਦੇ ਸਰਪ੍ਰਸਤ ਕਾਕਾ ਸਿੰਘ ਅਤੇ ਨਵੀਂ ਚੁਣੀ ਟੀਮ ਵੱਲੋਂ ਚੋਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਮਜ਼ਬੂਤੀ ਲਈ ਸਾਰੇ ਮੈਂਬਰਾਂ ਦਾ ਸਹਿਯੋਗ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਹੈ ਤਾਂ ਜੋ ਸਫਾਈ ਸੇਵਕਾਂ ਨਾਲ ਜੁੜੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ।
ਇਸ ਮੌਕੇ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਸਤੁਗਰ ਸਿੰਘ, ਤਰਸੇਮ ਸਿੰਘ, ਮੋਹਨੀ ਸਿੰਘ, ਸ਼ਮਸ਼ੇਰ ਸਿੰਘ, ਗਗਨਦੀਪ ਸਿੰਘ, ਸੱਤਪਾਲ ਸਿੰਘ, ਨੀਟੂ ਸਿੰਘ, ਗੁਰਦੀਪ ਸਿੰਘ, ਗੁਰਤੇਜ ਸਿੰਘ, ਰਾਜ ਕੌਰ, ਵੀਰਪਾਲ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਰਾਣੀ ਵੱਡੀ, ਕਰਮਜੀਤ ਕੌਰ, ਕਿਰਨਾਂ, ਬਬੀਤਾ ਰਾਣੀ ਅਤੇ ਦਲਜਿੰਦਰ ਕੌਰ ਹਾਜ਼ਰ ਸਨ।