- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਖਿਲਾਫ ਤਿੱਖੀ ਲੜਾਈ ਲੜ ਰਹੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੁਲਿਸ ਪਾਰਟੀ ਵੱਲੋਂ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਦੂਜੇ ਦਿਨ ਕਾਰਵਾਈ ਕਰਦਿਆਂ ਮਾਲੇਰਕੋਟਲਾ ਪੁਲਿਸ ਨੇ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਹਥੋਆ ਵਿਖੇ ਇੱਕ ਹੋਰ ਅਜਿਹੇ ਕੇਂਦਰ ਦਾ ਪਰਦਾਫਾਸ਼ ਕੀਤਾ ਹੈ।

ਸੱਤਪਾਲ ਸਿੰਘ ਕਾਲਾਬੂਲਾ/ ਜਸਪਾਲ ਲਾਡੇਵਾਲ, ਮਾਲੇਰਕੋਟਲਾ : ਨਸ਼ਾ ਖਿਲਾਫ ਤਿੱਖੀ ਲੜਾਈ ਲੜ ਰਹੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੁਲਿਸ ਪਾਰਟੀ ਵੱਲੋਂ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਦੂਜੇ ਦਿਨ ਕਾਰਵਾਈ ਕਰਦਿਆਂ ਮਾਲੇਰਕੋਟਲਾ ਪੁਲਿਸ ਨੇ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਹਥੋਆ ਵਿਖੇ ਇੱਕ ਹੋਰ ਅਜਿਹੇ ਕੇਂਦਰ ਦਾ ਪਰਦਾਫਾਸ਼ ਕੀਤਾ ਹੈ।
ਇਹ ਕੇਂਦਰ ਨਸ਼ਾ ਮੁਕਤ ਸਮਾਜ ਵੈਲਫੇਅਰ ਸੁਸਾਇਟੀ ਦੇ ਨਾਮ ਹੇਠ ਚਲਾਇਆ ਜਾ ਰਿਹਾ ਸੀ। ਦੋਸ਼ ਹੈ ਕਿ ਇੱਥੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ, ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਤੋਂ ਜਬਰਦਸਤੀ ਕੰਮ ਕਰਵਾਇਆ ਜਾਂਦਾ ਸੀ।
ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਨੁਸ਼ਹਿਰਾ ਤੇ ਹੰਮਦ ਸਦੀਕ ਉਰਫ਼ ਸ਼ਿਕੂ ਵਾਸੀ ਕੱਚਾ ਜਮਾਲਪੁਰਾ, ਮਾਲੇਰਕੋਟਲਾ ਵਜੋਂ ਹੋਈ ਹੈ। ਦੋਸ਼ੀ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ ਹੈ। ਇਹ ਕਾਰਵਾਈ ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਦੀ ਨਿਗਰਾਨੀ ਹੇਠ ਹੋਈ।
24 ਅਕਤੂਬਰ ਨੂੰ ਸ:ਥ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਹਥੋਆ ਨੇੜੇ ਗਸ਼ਤ 'ਤੇ ਸੀ, ਜਦੋਂ ਉਨ੍ਹਾਂ ਨੂੰ ਖ਼ਾਸ ਇਤਲਾਹ ਮਿਲੀ।
ਇਤਲਾਹ ਅਨੁਸਾਰ ਦੋਸ਼ੀ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ, ਜਿੱਥੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਚੁੱਕ ਕੇ ਜ਼ਬਰਦਸਤੀ ਬੰਦੀ ਬਣਾਇਆ ਜਾਂਦਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਂਦਰ 'ਤੇ ਛਾਪਾ ਮਾਰਿਆ ਤੇ ਉੱਥੇ ਬੰਦੀ ਬਣਾਏ ਗਏ 49 ਵਿਅਕਤੀਆਂ ਨੂੰ ਛੁਡਵਾਇਆ। ਇਸ ਸਬੰਧੀ ਦੋਸ਼ੀਆਂ ਵਿਰੁੱਧ ਥਾਣਾ ਅਮਰਗੜ੍ਹ ਵਿਖੇਮਾਮਲਾ ਦਰਜ ਕੀਤਾ ਕੀਤਾ ਗਿਆ। ਦੂਜੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ ਅਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ। ਐੱਸਐੱਸਪੀ ਖੱਖ ਨੇ ਕਿਹਾ ਕਿ ਨਸ਼ਾ ਛੁਡਾਉਣਾ ਡਾਕਟਰੀ ਇਲਾਜ ਅਤੇ ਮਨੁੱਖੀ ਮਾਣ-ਸਨਮਾਨ ਦਾ ਵਿਸ਼ਾ ਹੈ ਤੇ ਕਿਸੇ ਨੂੰ ਵੀ ਇਸ ਨੂੰ ਧੋਖਾਧੜੀ ਅਤੇ ਜ਼ੁਲਮ ਦਾ ਧੰਦਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਕੇਂਦਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਜਿਹੇ ਅਦਾਰਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਐੱਸ.ਐੱਸ.ਪੀ. ਖੱਖ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੁਡਾਉਣ ਦਾ ਇਲਾਜ ਸਿਰਫ਼ ਸਰਕਾਰੀ ਹਸਪਤਾਲਾਂ ਜਾਂ ਲਾਇਸੈਂਸਸ਼ੁਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੀ ਕਰਵਾਇਆ ਜਾਵੇ। ਗੈਰ-ਕਾਨੂੰਨੀ ਕੇਂਦਰਾਂ ਜਾਂ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਨੇੜਲੇ ਥਾਣੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।