ਲੁੱਟ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਸਹਿਮਿਆ ਮਾਲੇਰਕੋਟਲਾ ਲੁੱਟ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਸਹਿਮਿਆ ਮਾਲੇਰਕੋਟਲਾ
Publish Date: Mon, 17 Aug 2026 06:28 PM (IST)
Updated Date: Tue, 18 Aug 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਲੰਘੇ ਜੂਨ ਮਹੀਨੇ ਕੇਵਲ ਚਾਰ ਦਿਨਾਂ ਦੌਰਾਨ ਸ਼ਹਿਰ ਅੰਦਰ ਵਾਪਰੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਤਿੰਨ ਵਾਰਦਾਤਾਂ ਦੇ ਪੀੜਤ ਪਰਿਵਾਰਾਂ ਨੇ ਚੋਰਾਂ ਲੁਟੇਰਿਆਂ ਖਿਲਾਫ ਕਥਿਤ ਕੋਈ ਕਾਰਵਾਈ ਨਾ ਕਰਨ ਤੋਂ ਖਫਾ ਹੋ ਕੇ ਮੰਗਲਵਾਰ ਨੂੰ ਮਾਲੇਰਕੋਟਲਾ ਪੁਲਿਸ ਖਿਲਾਫ ਮੋਰਚਾ ਖੋਲ ਦਿੱਤਾ ਹੈ।ਸਥਾਨਕ ਕੌਰਨਟ ਕੈਫੇ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਸਰਕਾਰੀ ਵਕੀਲ ਸ਼ਬੀਹ ਹੈਦਰ, ਮਾਲੇਰਕੋਟਲਾ ਜੁਡੀਸੀਅਲ ਕੋਰਟ ਦੇ ਸੇਵਾ ਮੁਕਤ ਰੀਡਰ ਦਾਰਾ ਸਿੰਘ ਅਤੇ ਵਪਾਰੀ ਚੰਦਨ ਜੈਨ ਨੇ ਪੁਲਿਸ ਉਪਰ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰਾਂ ਵਿਚੋਂ ਹੋਈਆਂ ਲੱਖਾਂ ਰੁਪਏ ਮਾਲ ਦੀਆਂ ਚੋਰੀਆਂ ਅਤੇ ਦਿਨ ਦਿਹਾੜੇ ਹੋਈ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਦੋ ਮਹੀਨੇ ਬੀਤਣ ਦੇ ਬਾਵਜੂਦ ਡੱਕਾ ਦੂਹਰਾ ਨਹੀਂ ਕੀਤਾ। ਐਡਵੋਕੇਟ ਸ਼ਬੀਹ ਹੈਦਰ ਨੇ ਦੱਸਿਆ ਕਿ ਉਸ ਦੇ ਘਰ 26 ਜੂਨ ਦੀ ਰਾਤ ਅਣਪਛਾਤੇ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਸੀਸੀਟੀਵੀ ਕੈਮਰਿਆਂ ਵਿਚ ਚੋਰਾਂ ਦੇ ਚਿਹਰੇ ਸਾਫ ਦਿਖਾਈ ਦੇ ਰਹੇ ਹਨ। ਐਡਵੋਕੇਟ ਹੈਦਰ ਨੇ ਦੋਸ਼ ਲਾਇਆ ਕਿ ਪੁਲੀਸ ਵਕੀਲਾਂ ਤੇ ਪਤਵੰਤਿਆਂ ਵੱਲੋਂ ਕਾਰਵਾਈ ਲਈ ਬਾਰ ਬਾਰ ਮਿਲਣ ਦੇ ਬਾਵਜੂਦ ਅੱਜ ਤੱਕ ਪੁਲਿਸ ਨੇ ਨਾ ਕਿਸੇ ਚੋਰ ਦੀ ਪਛਾਣ ਕੀਤੀ ਹੈ ਅਤੇ ਨਾ ਕੋਈ ਗ੍ਰਿਫਤਾਰ ਕੀਤਾ ਹੈ।ਸੇਵਾ ਮੁਕਤ ਰੀਡਰ ਦਾਰਾ ਸਿੰਘ ਮੁਤਾਬਿਕ ਉਸ ਕੋਲੋਂ ਇਕ ਮਹਿਲਾ ਸਮੇਤ ਚਾਰ ਲੁਟੇਰੇ ਦਿਨ ਦਿਹਾੜੇ 29 ਜੂਨ ਨੂੰ ਡੀਸੀ ਅਤੇ ਐੱਸਐੱਸਪੀ ਦੀਆਂ ਸਰਕਾਰੀ ਕੋਠੀਆਂ ਨੇੜੇ ਕਰੀਬ ਸਵਾ ਲੱਖ ਰੁਪਏ ਕੀਮਤ ਦੀ ਸੋਨੇ ਦੀ ਮੁੰਦਰੀ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਉਸ ਵੱਲੋਂ ਇਲਾਕੇ ਭਰ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲ ਕੇ ਲੁਟੇਰਿਆਂ ਦੀ ਤਸਵੀਰਾਂ ਵੀ ਪੁਲੀਸ ਨੂੰ ਸੌਂਪ ਦਿੱਤੀਆਂ ਗਈਆਂ ਹਨ ਪ੍ਰੰਤੂ ਅੱਜ ਤੱਕ ਇੱਕ ਵੀ ਲੁਟੇਰਾ ਗ੍ਰਿਫਤਾਰ ਨਹੀਂ ਕੀਤਾ ਗਿਆ। ਦਾਰਾ ਸਿੰਘ ਮੁਤਾਬਿਕ ਉਸ ਨੇ ਪੁਲੀਸ ਅਧਿਕਾਰੀਆਂ ਬੇਨਤੀ ਕੀਤੀ ਹੈ ਕਿ ਮਾਲੇਰਕੋਟਲਾ ਪੁਲੀਸ ਸੀਆਈਏ ਕੇਂਦਰ ’ਚ ਮੁਨਸ਼ੀ ਵਜੋਂ ਤਾਇਨਾਤ ਉਸ ਦੇ ਬੇਟੇ ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਖੁਦ ਲੁਟੇਰਿਆਂ ਦੀ ਭਾਲ ਕਰ ਸਕੇ।ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪੁਲਿਸ ਅਧਿਕਾਰੀ ਕੇਵਲ ਡੰਗ ਟਪਾਈ ਕਰ ਰਹੇ ਹਨ।ਵਪਾਰੀ ਚੰਦਨ ਜੈਨ ਨੇ ਦੱਸਿਆ ਕਿ ਉਸ ਦੇ ਘਰ 28 ਜੂਨ ਦੀ ਰਾਤ ਸੋਨੇ ਚਾਂਦੀ ਦੇ ਗਹਿਿਣਆਂ, ਭਾਂਡਿਆਂ ਅਤੇ ਨਕਦੀ ਸਮੇਤ ਹੋਈ 75-80 ਲੱਖ ਰੁਪਏ ਦੇ ਸਮਾਨ ਦੀ ਚੋਰੀ ਦੇ ਮਾਮਲੇ ਵਿਚ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦੇ ਪੀੜਤਾਂ ਨੇ ਮੰਗ ਕੀਤੀ ਕਿ ਸੀਸੀਟੀਵੀ ਤਸਵੀਰਾਂ ਵਿਚ ਸਾਫ ਦਿਖਾਈ ਦਿੰਦੇ ਚੋਰਾਂ ਅਤੇ ਲੁਟੇਰਿਆਂ ਦੀ ਪਛਾਣ ਕਰਕੇ ਤੁਰੰਤ ਗ੍ਰਿਫਤਾਰ ਕੀਤੇ ਜਾਣ। ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ: ਥਾਣਾ ਮੁਖੀ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦੇ ਪੀੜਤਾਂ ਵੱਲੋਂ ਉਠਾਏ ਸਵਾਲਾਂ ਸਬੰਧੀ ਐਸਐਸਪੀ ਅਤੇ ਡੀਐਸਪੀ ਮਾਲੇਰਕੋਟਲਾ ਵੱਲੋਂ ਫੋਨ ਨਾ ਚੁੱਕਣ ਪਿੱਛੋਂ ਸਬੰਧਤ ਥਾਣਿਆਂ ਦੇ ਮੁੱਖ ਅਫਸਰਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਹੋਈ ਹੈ।