SBI ATM ਲੁੱਟ ਦੀ ਕੋਸ਼ਿਸ਼ ਨਾਕਾਮ : ਚੋਰਾਂ ਨੇ ਤੋੜੀ ਮਸ਼ੀਨ, ਬੈਂਕ ਪ੍ਰਬੰਧਕਾਂ ਦੀ ਮੁਸਤੈਦੀ ਤੇ CCTV ਜਾਂਚ 'ਚ ਜੁਟੀ ਪੁਲਿਸ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐੱਮ ਨੂੰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਉਂਦਿਆਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਪਹਿਲਾਂ ਏ.ਟੀ.ਐੱਮ ਦੇ ਸ਼ਟਰ ਦਾ ਤਾਲਾ ਤੋੜਿਆ ਅਤੇ ਫਿਰ ਮਸ਼ੀਨ ਦੀ ਭੰਨ-ਤੋੜ ਕਰਕੇ ਨਕਦੀ ਕੱਢਣ ਦਾ ਯਤਨ ਕੀਤਾ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
Publish Date: Wed, 04 Nov 2026 12:19 PM (IST)
Updated Date: Wed, 04 Nov 2026 12:20 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ - ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐੱਮ ਨੂੰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਉਂਦਿਆਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਪਹਿਲਾਂ ਏ.ਟੀ.ਐੱਮ ਦੇ ਸ਼ਟਰ ਦਾ ਤਾਲਾ ਤੋੜਿਆ ਅਤੇ ਫਿਰ ਮਸ਼ੀਨ ਦੀ ਭੰਨ-ਤੋੜ ਕਰਕੇ ਨਕਦੀ ਕੱਢਣ ਦਾ ਯਤਨ ਕੀਤਾ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਬੈਂਕ ਮੈਨੇਜਰ ਮੋਹਿਤ ਕੁਮਾਰ ਨੇ ਦੱਸਿਆ ਕਿ ਬ੍ਰਾਂਚ ਬੰਦ ਕਰਨ ਸਮੇਂ ਰੋਜ਼ਾਨਾ ਦੀ ਤਰ੍ਹਾਂ ਏ.ਟੀ.ਐੱਮ ਦਾ ਸ਼ਟਰ ਬੰਦ ਕਰਕੇ ਉਸ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਬੁੱਧਵਾਰ ਸਵੇਰੇ ਕਰੀਬ 6 ਵਜੇ ਜਦੋਂ ਬੈਂਕ ਦਾ ਗਾਰਡ ਏ.ਟੀ.ਐੱਮ ਖੋਲ੍ਹਣ ਲਈ ਪਹੁੰਚਿਆ ਤਾਂ ਉਸ ਨੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਦੇਖਿਆ। ਇਸ ਤੋਂ ਇਲਾਵਾ ਏ.ਟੀ.ਐੱਮ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਨੁਕਸਾਨੇ ਹੋਏ ਸਨ। ਗਾਰਡ ਨੇ ਤੁਰੰਤ ਇਸ ਦੀ ਸੂਚਨਾ ਬੈਂਕ ਅਧਿਕਾਰੀਆਂ ਨੂੰ ਦਿੱਤੀ।
ਮੁੱਢਲੀ ਜਾਣਕਾਰੀ ਮੁਤਾਬਕ ਵਾਰਦਾਤ ਤੜਕੇ ਕਰੀਬ ਡੇਢ ਵਜੇ ਵਾਪਰੀ। ਦੋ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਏ.ਟੀ.ਐੱਮ. ਮਸ਼ੀਨ ਨਾਲ ਛੇੜਛਾੜ ਕਰਦਿਆਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਨਕਦੀ ਕੱਢਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਤੋਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਉੱਧਰ, ਵਾਰਦਾਤ ਸਮੇਂ ਏ.ਟੀ.ਐੱਮ. ਵਿੱਚ ਕਿੰਨੀ ਨਕਦੀ ਮੌਜੂਦ ਸੀ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੁਲਸ ਅਨੁਸਾਰ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਮਸ਼ੀਨ ਵਿੱਚ ਮੌਜੂਦ ਨਕਦੀ ਅਤੇ ਹੋਏ ਸੰਭਾਵਿਤ ਨੁਕਸਾਨ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।