ਘਰ 'ਚੋਂ 90 ਪੇਟੀਆਂ ਦੇਸੀ ਸ਼ਰਾਬ ਫੜੀਆਂ, ਪਤੀ-ਪਤਨੀ ਮੌਕੇ ਤੋਂ ਖਿਸਕੇ ਬਰਨਾਲੇ ’ਚ ਥਾਣਾ ਸਿਟੀ-2 ਦੀ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ
Publish Date: Mon, 31 Aug 2026 06:06 PM (IST)
Updated Date: Tue, 01 Sep 2026 04:02 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੂਬਾ ਸਰਕਾਰ ਵੱਲੋਂ ਨਸ਼ਿਆਂ ਦਾ ਭੋਗ ਪਾਉਣ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਰੰਗ ਲਿਆ ਰਹੀ ਹੈ। ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ ਤੇ ਡੀ.ਐੱਸ.ਪੀ. (ਡੀ) ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਘਰ ’ਚੋਂ 90 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਇੰਚਾਰਜ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ 31 ਅਗਸਤ ਨੂੰ ਪੁਲਿਸ ਨੂੰ ਪੱਕੀ ਸੂਹ ਮਿਲੀ ਸੀ ਕਿ ਪ੍ਰੇਮ ਨਗਰ ਮੈਕ ਲਾਈਫ ਡੇਅਰੀ ਕੋਲ ਦਾ ਰਹਿਣ ਵਾਲਾ ਰਵੀ ਕੁਮਾਰ ਉਰਫ਼ ਗੱਬਰ ਤੇ ਉਸ ਦੀ ਪਤਨੀ ਸੋਨੀ ਰਾਣੀ ਬਾਹਰੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਆਪਣੇ ਘਰੇ ਰੱਖ ਕੇ ਮਹਿੰਗੇ ਮੁਲੱਈਆ ਵੇਚਣ ਦਾ ਧੰਦਾ ਕਰਦੇ ਹਨ। ਸੂਹ ਦੇ ਅਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 437 ਧਾਰਾ 61/1/14 ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ। ਇਸ ਤੋਂ ਬਾਅਦ ਥਾਣੇਦਾਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਕਤ ਮਕਾਨ ’ਤੇ ਰੇਡ ਮਾਰੀ। ਘਰ ਦੀ ਤਲਾਸ਼ੀ ਲੈਣ ’ਤੇ ਪੁਲਿਸ ਦੇ ਹੱਥ 90 ਪੇਟੀਆਂ (ਕੁੱਲ 1080 ਬੋਤਲਾਂ) ਦੇਸੀ ਸ਼ਰਾਬ ਲੱਗੀ, ਜਿਨ੍ਹਾਂ ਵਿੱਚੋਂ 65 ਪੇਟੀਆਂ ‘ਸੋਫੀ ਰਸ’ ਅਤੇ 25 ਪੇਟੀਆਂ ‘9 ਵਨ’ ਮਾਰਕੇ ਦੀਆਂ ਹਨ। ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਗੱਬਰ ਤੇ ਉਸ ਦੀ ਪਤਨੀ ਸੋਨੀ ਰਾਣੀ ਮੌਕੇ ਤੋਂ ਖਿਸਕਣ ’ਚ ਕਾਮਯਾਬ ਹੋ ਗਏ। ਪੁਲਿਸ ਨੇ ਮੌਕੇ ਤੋਂ ਸ਼ਰਾਬ ਦੇ ਨਾਲ-ਨਾਲ ਇੱਕ ਚਿੱਟੇ ਰੰਗ ਦੀ ਕਰੂਜ਼ ਕਾਰ DL-10CB-2982, ਦੋ ਮੋਟਰਸਾਈਕਲ ਪਲੈਟੀਨਾ PB-19V-2348 ਤੇ ਡੀਲਕਸ PB-19W-7356 ਤੇ ਇੱਕ ਹੌਂਡਾ ਸਕੂਟਰੀ PB-19X-3655 ਵੀ ਕਬਜ਼ੇ ਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ ਤੇ ਫ਼ਰਾਰ ਹੋਏ ਪਤੀ ਪਤਨੀ ਜੋੜੇ ਨੂੰ ਜਲਦੀ ਹੀ ਗ੍ਰਿਫਤਾਰ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।