ਲਾਇਨਜ਼ ਕਲੱਬ ਨੇ ਪ੍ਰਦੂਸ਼ਣ ਚੈੱਕਅਪ ਕੈਂਪ ਲਗਾ ਕੇ 500 ਬੂਟੇ ਦੀ ਵੰਡ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਮੁਫ਼ਤ ਪੋਲੂਸ਼ਨ ਚੈਕਅੱਪ ਕੈਂਪ ਤੇ 500 ਪੌਦਿਆਂ ਦੀ ਵੰਡ
Publish Date: Mon, 06 Jul 2026 04:11 PM (IST)
Updated Date: Tue, 07 Jul 2026 04:00 AM (IST)
ਲਾਈਨ ਸੁਨੀਲ ਗੋਇਲ ਦੀ ਯਾਦ ਨੂੰ ਸਮਰਪਿਤ ਸਮਾਗਮ ਦਾ ਮੇਅਰ ਹਸਨਪ੍ਰੀਤ ਭਾਰਦਵਾਜ਼ ਵੱਲੋਂ ਉਦਘਾਟਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਾਤਾਵਰਣ ਸੰਭਾਲ ਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਜੌੜਾ ਮੇਨ ਪੰਪ (ਰਾਮਜੀ ਦਾਸ ਬਨਾਰਸੀ ਦਾਸ ਪੈਟਰੋਲੀਅਮ ਸੇਲਜ਼), ਬਰਨਾਲਾ ਵਿਖੇ ਮੁਫ਼ਤ ਪੋਲੂਸ਼ਨ ਚੈੱਕਅਪ ਕੈਂਪ ਤੇ 500 ਬੂਟਿਆਂ ਦੀ ਵੰਡ ਮੁਹਿੰਮ ਕੀਤੀ ਗਈ। ਇਹ ਸਮਾਜ ਸੇਵੀ ਉਪਰਾਲਾ ਕਲੱਬ ਦੇ ਸਵ. ਮੈਂਬਰ ਲਾਇਨ ਸੁਨੀਲ ਗੋਇਲ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੀ। ਸਮਾਗਮ ਦਾ ਉਦਘਾਟਨ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ਼ ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਵਧਦਾ ਪ੍ਰਦੂਸ਼ਣ ਅੱਜ ਸਮੁੱਚੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਸ ਨਾਲ ਨਜਿੱਠਣ ਲਈ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਕਰਵਾਈ ਗਈ ਇਸ ਵਿਲੱਖਣ ਪਹਿਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਹਰਿਆਲੀ ਵਧਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਕਲੱਬ ਦੇ ਸਮੂਹ ਮੈਂਬਰਾਂ ਨੇ ਸਵਰਗੀ ਲਾਇਨ ਸੁਨੀਲ ਗੋਇਲ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਂਟ ਕੀਤੀ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲਾਇਨ ਸੁਨੀਲ ਗੋਇਲ ਨੇ ਆਪਣੇ ਜੀਵਨ ਦੌਰਾਨ ਸਮਾਜ ਸੇਵਾ ਦੇ ਖੇਤਰ ’ਚ ਜੋ ਯੋਗਦਾਨ ਪਾਇਆ, ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਸੇਵਾ ਭਾਵਨਾ ਸਾਰੇ ਲਾਇਨ ਮੈਂਬਰਾਂ ਲਈ ਪ੍ਰੇਰਣਾ ਸਰੋਤ ਬਣੀ ਰਹੇਗੀ। :ਬਾਕਸ ਨਿਊਜ: 500 ਪੌਦਿਆਂ ਨਾਲ ਵੰਡੇ ਜਾਗਰੂਕਤਾ ਝੰਡੇ ਤੇ ਪੈਂਫਲਿਟ, ਵਾਤਾਵਰਣ ਸੰਭਾਲ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ ਕੈਂਪ ਦੌਰਾਨ ਸੈਂਕੜੇ ਵਾਹਨਾਂ ਦਾ ਮੁਫ਼ਤ ਪੋਲੂਸ਼ਨ ਚੈਕਅੱਪ ਕੀਤਾ ਗਿਆ। ਇਸ ਦੇ ਨਾਲ ਹੀ 500 ਛਾਂਦਾਰ ਤੇ ਫਲਦਾਰ ਪੌਦੇ ਆਮ ਲੋਕਾਂ ’ਚ ਮੁਫ਼ਤ ਵੰਡੇ ਗਏ। ਹਰ ਪੌਦੇ ਨਾਲ ਜਾਗਰੂਕਤਾ ਝੰਡਾ ਤੇ ਜਾਗਰੂਕਤਾ ਪੈਂਫਲਿਟ ਵੀ ਦਿੱਤਾ ਗਿਆ, ਜਿਸ ਰਾਹੀਂ ਲੋਕਾਂ ਨੂੰ “ਇੱਕ ਪੌਦਾ – ਇੱਕ ਜ਼ਿੰਮੇਵਾਰੀ” ਦਾ ਸੰਦੇਸ਼ ਦਿੰਦਿਆਂ ਅਪੀਲ ਕੀਤੀ ਗਈ ਕਿ ਪੌਦਾ ਲਗਾਉਣ ਦੇ ਨਾਲ-ਨਾਲ ਉਸ ਦੀ ਨਿਯਮਿਤ ਦੇਖਭਾਲ ਵੀ ਕੀਤੀ ਜਾਵੇ। ਕਲੱਬ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਇੱਕ ਦਿਨ ਦਾ ਕੰਮ ਹੈ ਪਰ ਉਸ ਦੀ ਸੰਭਾਲ ਕਰਨਾ ਸਾਡੀ ਸਦੀਵੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਭਵਿੱਖ ’ਚ ਵੀ ਵਾਤਾਵਰਣ, ਸਿਹਤ, ਸਿੱਖਿਆ ਅਤੇ ਸਮਾਜ ਭਲਾਈ ਨਾਲ ਸਬੰਧਤ ਅਜਿਹੇ ਲੋਕ-ਹਿੱਤ ਪ੍ਰੋਜੈਕਟ ਲਗਾਤਾਰ ਕਰਦਾ ਰਹੇਗਾ। ਇਸ ਮੌਕੇ ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ, ਭਾਰਤ ਸਨਾਤਨ ਮਹਾਵੀਰ ਦਲ ਦੇ ਪ੍ਰਧਾਨ ਸੁਭਾਸ਼, ਨੰਦੀ ਗਊ ਸੇਵਾ ਸਮਿਤੀ ਦੇ ਮੈਂਬਰ, ਸਿਵਲ ਡਿਫੈਂਸ ਬਰਨਾਲਾ ਦੀ ਟੀਮ ਦੇ ਕਪਿਲ, ਅਖਿਲੇਸ਼ ਬਾਂਸਲ ਤੇ ਹੋਰ ਮੈਂਬਰ, ਸਾਈਂ ਮੰਦਰ ਟਰੱਸਟ ਦੇ ਮੈਂਬਰਾਂ ਆਦਿ ਨੇ ਸਮਾਗਮ ਦੀ ਸ਼ੋਭਾ ਵਧਾਈ। ਰੁਪਿੰਦਰ ਗੁਪਤਾ ਨੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਸਮਾਜ ’ਚ ਸਕਾਰਾਤਮਕ ਬਦਲਾਅ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਨੂੰ ਸਫ਼ਲ ਬਣਾਉਣ ’ਚ ਲਾਇਨ ਸ਼ਿਵ ਸਿੰਗਲਾ (ਪ੍ਰਧਾਨ), ਲਾਇਨ ਯਸ਼ ਪਾਲ (ਜਨਰਲ ਸਕੱਤਰ), ਲਾਇਨ ਅਰੁਣ ਬਾਂਸਲ (ਖਜ਼ਾਨਚੀ), ਲਾਇਨ ਅਸ਼ੋਕ ਸ਼ਰਮਾ (ਵਾਈਸ ਪ੍ਰਧਾਨ), ਲਾਇਨ ਜਤਿੰਦਰ ਗੋਇਲ (ਪ੍ਰੋਜੈਕਟ ਚੇਅਰਮੈਨ), ਲਾਇਨ ਰਵਿੰਦਰ ਬਾਂਸਲ, ਲਾਇਨ ਭੋਜ ਰਾਜ, ਲਾਇਨ ਹਰਮੇਲ ਸਿੰਘ, ਲਾਇਨ ਹੀਰਾ ਲਾਲ, ਲਾਇਨ ਮਨੀਸ਼ ਬਾਂਸਲ, ਲਾਇਨ ਪਵਨ ਬਾਂਸਲ, ਲਾਇਨ ਮਨਜੀਤ ਕਾਂਸਲ ਤੇ ਲਾਇਨ ਹੇਮੰਤ ਮੋਦੀ ਸਮੇਤ ਸਮੂਹ ਲਾਇਨ ਮੈਂਬਰਾਂ ਨੇ ਸਰਗਰਮ ਭੂਮਿਕਾ ਨਿਭਾਈ।