ਖਸਤਾਹਾਲ ਲਿੰਕ ਸੜਕ ਨੇ ਲੋਕਾਂ ਦਾ ਜੀਣਾ ਕੀਤਾ ਦੁੱਭਰ ਖਸਤਾਹਾਲ ਲਿੰਕ ਸੜਕ ਨੇ ਲੋਕਾਂ ਦਾ ਜੀਣਾ ਕੀਤਾ ਦੁਭਰ
Publish Date: Sat, 31 Oct 2026 04:38 PM (IST)
Updated Date: Sun, 01 Nov 2026 04:02 AM (IST)
ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਜਲਦ ਮੁਰੰਮਤ ਦੀ ਕੀਤੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਰਾਏਸਰ ਤੋਂ ਚੌਹਾਨਕੇ ਖੁਰਦ ਨੂੰ ਜਾਂਦੀ ਚਾਰ ਕਿਲੋਮੀਟਰ ਦੇ ਗੇੜ ਵਾਲੀ ਲਿੰਕ ਸੜਕ ਦੀ ਹਾਲਤ ਅੱਤ ਮਾੜੀ ਹੋ ਚੁੱਕੀ ਹੈ। ਸੜਕ ਤੇ ਥਾਂ-ਥਾਂ ਪਏ ਡੂੰਘੇ ਟੋਇਆਂ ਕਾਰਨ ਲੰਘਣ-ਟੱਪਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਟੁੱਟੀ ਹੋਣ ਕਰਕੇ ਜਿੱਥੇ ਗੱਡੀਆਂ-ਮੋਟਰਾਂ ਦਾ ਲੰਘਣਾ ਦੂਭਰ ਹੋਇਆ ਪਿਆ ਹੈ, ਉੱਥੇ ਹੀ ਹਰ ਵੇਲੇ ਕੋਈ ਨਾ ਕੋਈ ਭਾਣਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਰਾਏਸਰ ਤੋਂ ਚੌਹਾਨਕੇ ਖੁਰਦ ਨੂੰ ਜੋੜਨ ਵਾਲੀ ਇਹ ਲਿੰਕ ਸੜਕ ਆਸ-ਪਾਸ ਦੇ ਲੋਕਾਂ ਲਈ ਦਿਨ-ਰਾਤ ਦੀ ਆਵਾਜਾਈ ਦਾ ਮੁੱਖ ਜ਼ਰੀਆ ਹੈ। ਦਿਹਾੜੀ-ਦੱਪੇ ਤੇ ਆਪਣੇ ਕੰਮਾਂ-ਕਾਰਾਂ ਤੇ ਜਾਣ ਵਾਲੇ ਲੋਕਾਂ ਤੋਂ ਇਲਾਵਾ ਕਿਸਾਨਾਂ ਨੂੰ ਵੀ ਖੇਤੀ ਦੇ ਕੰਮਾਂ ਲਈ ਰੋਜ਼ਾਨਾ ਇਸੇ ਰਸਤਿਓਂ ਲੰਘਣਾ ਪੈਂਦਾ ਹੈ, ਪਰ ਟੁੱਟੀ ਸੜਕ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦਾ ਹਾਲ ਏਨਾ ਮਾੜਾ ਹੈ ਕਿ ਦੋਪਹੀਆ ਵਾਹਨ ਵਾਲਿਆਂ ਅਤੇ ਰਾਤ-ਬਰਾਤੇ ਲੰਘਣ ਵਾਲੇ ਲੋਕਾਂ ਦੀਆਂ ਜਾਨਾਂ ਮੁੱਠੀ ’ਚ ਆ ਜਾਂਦੀਆਂ ਹਨ। ਮੀਂਹ-ਕਣੀ ਦੇ ਦਿਨਾਂ ’ਚ ਟੋਇਆਂ ਚ ਪਾਣੀ ਭਰਨ ਕਰਕੇ ਖੱਡਿਆਂ ਦੀ ਡੂੰਘਾਈ ਦਾ ਪਤਾ ਹੀ ਨਹੀਂ ਲੱਗਦਾ, ਜਿਸ ਕਰਕੇ ਹਾਦਸੇ ਵਾਪਰਨ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਲੰਮੇ ਸਮੇਂ ਤੋਂ ਪ੍ਰਸ਼ਾਸਨ ਵੱਲੋਂ ਵੱਟੀ ਚੁੱਪ ਕਰਕੇ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਹੈ। ਇਸ ਮੌਕੇ ਸਰਪੰਚ ਬਚਿੱਤਰ ਸਿੰਘ ਧਾਲੀਵਾਲ, ਸਰਪੰਚ ਸੁਰਿੰਦਰ ਕੌਰ ਰਾਏਸਰ, ਸਾਬਕਾ ਸਰਪੰਚ ਮਹਿੰਦਰ ਸਿੰਘ ਚੌਹਾਨਕੇ, ਸਮਾਜ ਸੇਵੀ ਬਲਵੀਰ ਸਿੰਘ ਰਾਏਸਰ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗਿੱਲ ਅਤੇ ਨੰਬਰਦਾਰ ਕੋਮਲਜੀਤ ਸਿੰਘ ਚੌਹਾਨਕੇ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਸ ਚਾਰ ਕਿਲੋਮੀਟਰ ਲੰਮੀ ਸੜਕ ਦੀ ਹਾਲਤ ਤੇ ਗੌਰ ਫ਼ਰਮਾਉਂਦਿਆਂ ਇਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਲੋੜ ਅਨੁਸਾਰ ਨਵੀਂ ਸੜਕ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਪਿੰਡਾਂ ਦਿਆਂ ਲੋਕਾਂ ਨੂੰ ਸੁਚੱਜੇ ਰਾਹ-ਰਸਤੇ ਮੁਹੱਈਆ ਕਰਵਾਉਣਾ ਸਰਕਾਰ ਦਾ ਫ਼ਰਜ਼ ਹੈ, ਇਸ ਲਈ ਸਬੰਧਤ ਅਧਿਕਾਰੀ ਆਪ ਮੌਕਾ ਤੱਕ ਕੇ ਸੜਕ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀ ਇਸ ਲੰਮੇ ਸਮੇਂ ਦੀ ਮੁਸ਼ਕਿਲ ਦਾ ਪੱਕਾ ਹੱਲ ਕੱਢਣ ਤਾਂ ਜੋ ਲੋਕਾਂ ਨੂੰ ਰੋਜ਼ ਦੀ ਖੱਜਲ-ਖੁਆਰੀ ਤੋਂ ਛੁਟਕਾਰਾ ਮਿਲ ਸਕੇ।