
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਹਿਰਾਗਾਗਾ ਰਿਹਾ ਬੰਦ

ਸਿੱਖ ਸੰਗਤ ਨੇ ਬਾਜ਼ਾਰਾਂ ’ਚ ਕੱਢਿਆ ਰੋਸ ਮਾਰਚ
ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਕੌਮੀ ਇਨਸਾਫ ਮੋਰਚਾ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਸਥਾਨਕ ਸ਼ਹਿਰ ਦੀਆਂ ਇਕਾ ਦੁੱਕਾ ਦੁਕਾਨਾਂ ਨੂੰ ਛੱਡ ਕੇ ਆਮ ਤੌਰ ਤੇ ਬਾਜ਼ਾਰ ਬੰਦ ਰਹੇ। ਲਹਿਰਾ-ਮੂਨਕ ਸ਼ਹਿਰ ਨਾਲ ਸੰਬੰਧਿਤ ਪ੍ਰਾਈਵੇਟ ਸਕੂਲ ਵੀ ਬੰਦ ਨਜ਼ਰ ਆਏ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਜਥੇਦਾਰ ਪ੍ਰਗਟ ਸਿੰਘ ਗਾਗਾ ਸਮੇਤ ਕਈ ਸਿੰਘਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਦਿਆਂ, ਨਾਅਰੇ ਲਾਉਂਦਿਆਂ ਮੰਗ ਕੀਤੀ, ਕਿ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਗੰਭੀਰ ਕੇਸਾਂ ਵਿੱਚ ਦੋਸ਼ੀਆਂ ਨੂੰ ਸਾਲ ਵਿੱਚ ਦੋ- ਤਿੰਨ ਵਾਰੀ ਪੈਰੋਲ ਦਿੱਤੀ ਜਾ ਸਕਦੀ ਹੈ, ਤਾਂ ਫਿਰ ਇਨ੍ਹਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ। ਜਦੋਂ ਕਿ ਇਨ੍ਹਾਂ ਨੇ ਆਪਣੀ ਸਜ਼ਾਵਾਂ ਦਾ ਸਮਾਂ ਪੂਰਾ ਕਰ ਲਿਆ ਹੈ, ਪਰੰਤੂ ਫੇਰ ਵੀ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਗੁਰਜੀਤ ਸਿੰਘ ਗਾਗਾ, ਕੁਲਦੀਪ ਸਿੰਘ ਭਟਾਲ ਖੁਰਦ ਹਲਕਾ ਪ੍ਰਧਾਨ ਹਲਕਾ ਲਹਿਰਾ, ਨਾਜਰ ਸਿੰਘ ਡੂਡੀਆਂ ਜੂਨੀਅਰ ਮੀਤ ਪ੍ਰਧਾਨ, ਸਤਿਗੁਰ ਸਿੰਘ ਜਵਾਹਰ ਵਾਲਾ, ਗੁਰਜੀਤ ਸਿੰਘ ਲਦਾਲ, ਪ੍ਰਕਾਸ਼ ਸਿੰਘ ਲਹਿਰਾ, ਅਮਰੀਕ ਸਿੰਘ ਗਾਗਾ, ਹਰਵੇਲ ਸਿੰਘ ਕਣਕਵਾਲ ਭੰਗੂਆਂ,ਸੌਣ ਸਿੰਘ ਸੰਗਤਪੁਰਾ ਮੌਜੂਦ ਸਨ।